ਚੰਡੀਗੜ੍ਹ, ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਦੀਆਂ ਨਗਰ ਨਿਗਮਾਂ ਅਤੇ 32 ਮਿਉਂਸਿਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਲਈ ਵੋਟਾਂ 17 ਦਸੰਬਰ ਨੂੰ ਪੈਣਗੀਆਂ। ਸੂਬੇ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਅੱਜ ਇੱਥੇ ਇਹ ਐਲਾਨ ਕਰਦਿਆਂ ਕਿਹਾ ਕਿ ਸਬੰਧਤ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅਧੀਨ ਆਉਂਦੇ ਖੇਤਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜੋ 20 ਦਸੰਬਰ ਤੱਕ ਲਾਗੂ ਰਹੇਗਾ। ਲੁਧਿਆਣਾ ਨਗਰ ਨਿਗਮ ਚੋਣਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ।
ਚੋਣ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ 2 ਦਸੰਬਰ ਨੂੰ ਸ਼ੁਰੂ ਹੋਵੇਗੀ ਅਤੇ 6 ਦਸੰਬਰ ਤੱਕ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ। 7 ਦਸੰਬਰ ਨੂੰ ਤੱਕ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 8 ਦਸੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ  ਕਰ ਦਿੱਤੇ ਜਾਣਗੇ। ਵੋਟਾਂ 17 ਦਸੰਬਰ (ਐਤਵਾਰ) ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜਿਆਂ ਦਾ ਐਲਾਨ ਉਸੇ ਦਿਨ ਸ਼ਾਮ ਨੂੰ ਕੀਤਾ ਜਾਵੇਗਾ। ਕਾਨੂੰਨ ਵਿਵਸਥਾ ਲਈ ਚੋਣ ਕਮਿਸ਼ਨ ਦੇ ਨਾਲ ਡੀਜੀਪੀ ਰੈਂਕ ਦੇ ਅਧਿਕਾਰੀ ਵੀ. ਕੇ. ਭਾਵੜਾ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ ਤੇ 26 ਆਬਜ਼ਰਵਰ ਲਾਏ ਗਏ ਹਨ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਖੇਤਰ ਦੀਆਂ ਸੰਸਥਾਵਾਂ ਵਿੱਚ ਪਹਿਲੀ ਵਾਰੀ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਨਾਲ ਔਰਤਾਂ ਦੀ ਨੁਮਾਇੰਦਗੀ ਵਧ ਜਾਵੇਗੀ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਤਕਰੀਬਨ ਸਾਰੇ ਸ਼ਹਿਰਾਂ ਦੀਆਂ ਸੰਸਥਾਵਾਂ ’ਤੇ ਅਕਾਲੀ-ਭਾਜਪਾ ਗੱਠਜੋੜ ਦਾ ਕਬਜ਼ਾ ਹੈ। ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਰਕਾਰ ਲਈ ਸ਼ਹਿਰੀ ਖੇਤਰ ਦੀਆਂ ਚੋਣਾਂ ਦਾ ਪਲੇਠਾ ਇਮਤਿਹਾਨ ਹੈ। ਸ੍ਰੀ ਸੰਧੂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਨੂੰ ਪਹਿਲੀ ਵਾਰ ‘ਨੋਟਾ’ ਦੀ ਸੁਵਿਧਾ ਮਿਲੇਗੀ। ਸ੍ਰੀ ਸੰਧੂ ਨੇ ਦੱਸਿਆ ਕਿ 3 ਨਗਰ ਨਿਗਮਾਂ ਅਤੇ 32 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਵੋਟਰ ਸੂਚੀਆਂ ਨੂੰ ਅਪਡੇਟ ਕਰ ਦਿੱਤਾ ਹੈ। ਜੇਕਰ ਫਿਰ ਵੀ ਕੋਈ ਯੋਗ ਵੋਟਰ ਵੋਟ ਬਣਾਉਣ ਤੋਂ ਰਹਿ ਗਿਆ ਹੈ ਤਾਂ 6 ਦਸੰਬਰ ਤੱਕ ਵੋਟ ਬਣਾਉਣ ਲਈ ਅਪਲਾਈ ਕਰ ਸਕਦਾ ਹੈ। ਅੰਮ੍ਰਿਤਸਰ ਵਿੱਚ 756 , ਜਲੰਧਰ ਵਿੱਚ 563 ਤੇ ਪਟਿਆਲਾ ਵਿੱਚ 254 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਜਿਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੋਟਾਂ ਪੈਣਗੀਆ, ਉਨ੍ਹਾਂ ਵਿੱਚ ਰਾਜਾਸਾਂਸੀ (ਅੰਮ੍ਰਿਤਸਰ), ਹੰਡਿਆਇਆ (ਬਰਨਾਲਾ), ਅਮਲੋਹ (ਫਤਿਹਗੜ੍ਹ ਸਾਹਿਬ), ਮੱਲ੍ਹਾਂਵਾਲਾ ਖਾਸ ਅਤੇ ਮੱਖੂ (ਫਿਰੋਜ਼ਪੁਰ), ਭੋਗਪੁਰ, ਸ਼ਾਹਕੋਟ, ਗੋਰਾਇਆ ਅਤੇ ਬਿਲਗਾ (ਜਲੰਧਰ), ਢਿਲਵਾਂ, ਬੇਗੋਵਾਲ ਅਤੇ ਭੁਲੱਥ (ਕਪੂਰਥਲਾ), ਮਾਛੀਵਾੜਾ, ਮੁੱਲਾਂਪੁਰ ਦਾਖਾ, ਮਲੌਦ ਅਤੇ ਸਾਹਨੇਵਾਲ (ਲੁਧਿਆਣਾ), ਬਾਘਾਪੁਰਾਣਾ, ਧਰਮਕੋਟ ਅਤੇ ਪੰਜਤੂਰ (ਮੋਗਾ), ਬਰੀਵਾਲਾ (ਮੁਕਤਸਰ), ਘੱਗਾ ਅਤੇ ਘਨੌਰ (ਪਟਿਆਲਾ) ਨਰੋਟ ਜੈਮਲ ਸਿੰਘ (ਪਠਾਨਕੋਟ), ਦਿੜ੍ਹਬਾ, ਚੀਮਾ, ਘਨੌਰੀ ਅਤੇ ਮੂਣਕ (ਸੰਗਰੂਰ), ਖੇਮਕਰਨ (ਤਰਨ ਤਾਰਨ), ਭੀਖੀ (ਮਾਨਸਾ), ਬਲਾਚੌਰ (ਐਸ.ਬੀ.ਐਸ. ਨਗਰ), ਤਲਵੰਡੀ ਸਾਬੋ (ਬਠਿੰਡਾ) ਤੇ ਮਾਹਿਲਪੁਰ (ਹੁਸ਼ਿਆਰਪੁਰ) ਸ਼ਾਮਲ ਹਨ।
ਚੋਣ ਖ਼ਰਚ ਹੱਦ 2.5 ਲੱਖ ਅਤੇ 80 ਹਜ਼ਾਰ ਮਿੱਥੀ
ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮਾਂ ਦੇ ਕਿਸੇ ਇਕ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰ ਲਈ ਚੋਣ ਖ਼ਰਚ ਦੀ ਹੱਦ 2.5 ਲੱਖ ਰੁਪਏ ਮਿੱਥੀ ਗਈ ਹੈ। ਨਗਰ ਕੌਂਸਲ ਜਿਸ ਦਾ ਦਰਜਾ 1 ਹੈ, ਉਸ ਦੇ ਕਿਸੇ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰ ਲਈ ਖ਼ਰਚ ਹੱਦ 2.25 ਲੱਖ ਰੁਪਏ ਮਿੱਥੀ ਗਈ ਹੈ। ਕਲਾਸ 2 ਅਧੀਨ ਆਉਂਦੀ ਨਗਰ ਕੌਂਸਲ ਦੇ ਉਮੀਦਵਾਰ ਲਈ 1.40 ਲੱਖ ਰੁਪਏ ਖ਼ਰਚ ਹੱਦ ਤੇ ਕਲਾਸ 3 ਅਧੀਨ ਆਉਂਦੀ ਨਗਰ ਕੌਂਸਲ ਦੇ ਉਮੀਦਵਾਰ ਲਈ ਖ਼ਰਚ ਹੱਦ 1.20 ਲੱਖ ਰੁਪਏ ਮਿੱਥੀ ਗਈ ਹੈ। ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 80 ਹਜ਼ਾਰ ਰੁਪਏ ਮਿੱਥੀ ਗਈ ਹੈ।