ਚੰਡੀਗੜ੍ਹ, 28 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਪੱਤਰ ਲਿਖ ਕੇ ਸੂਬੇ ਦੇ ਅਤਿਵਾਦ ਪੀੜਤ ਪਰਿਵਾਰਾਂ ਨੂੰ ਕੇਂਦਰੀ ਸਹਾਇਤਾ ਸਕੀਮ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ  ਕਿਹਾ ਕਿ ਸਾਲ 1982 ਤੋਂ 1995 ਤੱਕ ਪੰਜਾਬ ਨੇ ਖਾੜਕੂਵਾਦ ਦਾ ਸਾਹਮਣਾ ਕੀਤਾ। ਇਸ ਸਮੇਂ ਦੌਰਾਨ 10,636 ਮੌਤਾਂ ਹੋਈਆਂ ਅਤੇ 908 ਵਿਅਕਤੀ ਜ਼ਖ਼ਮੀ ਹੋਏ, ਜਦੋਂ ਕਿ 17,420 ਪਰਿਵਾਰਾਂ ਨੂੰ ਹਿਜ਼ਰਤ ਕਰਨੀ ਪਈ। ਭਾਰਤ ਸਰਕਾਰ ਨੇ 3 ਮਾਰਚ 2017 ਨੂੰ ਅਤਿਵਾਦ ਅਤੇ ਫਿਰਕੂ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣ ਲਈ ਸੋਧੇ ਦਿਸ਼ਾ-ਨਿਰਦੇਸ਼ ਲਿਆਂਦੇ। ਮੁੱਖ ਮੰਤਰੀ ਨੇ  ਇਸ ਸਕੀਮ ਵਿੱਚ ਸੋਧ ਦੀ ਮੰਗ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਹ ਸਕੀਮ ਪਹਿਲੀ ਅਗਸਤ 1982 ਤੋਂ ਲਾਗੂ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਸੂਬੇ ਦੇ ਅਤਿਵਾਦ ਪੀੜਤ ਪਰਿਵਾਰ ਵੀ ਇਸ ਦੇ ਘੇਰੇ ਵਿੱਚ ਆ ਸਕਣ। ਇਸ ਸਮੇਂ ਇਹ ਸਕੀਮ ਪਹਿਲੀ ਅਪਰੈਲ 2008 ਤੋਂ ਲਾਗੂ ਹੈ। ਗੌਰਤਲਬ ਹੈ ਕਿ ਕੈਪਟਨ ਨੇ ਅਤਿਵਾਦ ਪੀੜਤਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕਰ ਕੇ ਇਸ ਮਾਮਲੇ ਦਾ ਜਾਇਜ਼ਾ ਲਿਆ।