ਚੰਡੀਗੜ੍ਹ, ਪੰਜਾਬ ਦੀਆਂ ਜੇਲ੍ਹਾਂ ’ਚ ਗੈਂਗਸਟਰਾਂ ਦਾ ‘ਰਾਜ’ ਕਾਇਮ ਹੋਣ ਦੇ ਸੁਨੇਹੇ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਅੰਮ੍ਰਿਤਸਰ ਦੀ ਜੇਲ੍ਹ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜਨਮ ਦਿਨ ਦੇ ਮਨਾਏ ਜਸ਼ਨਾਂ ਨੂੰ ਭਾਵੇਂ ਜੇਲ੍ਹ ਵਿਭਾਗ ਕੁੱਝ ਦਿਨ ਪੁਰਾਣੀ ਘਟਨਾ ਦੱਸ ਕੇ ਟਾਲ ਰਿਹਾ ਹੈ ਪਰ ਇਹ ਘਟਨਾ ਜੇਲ੍ਹ ਵਿਚਲੇ ਸਰਕਾਰੀਤੰਤਰ ਦੀ ਬੰਦੀਆਂ ਨਾਲ ਮਿਲੀਭੁਗਤ ਨੂੰ ਉਜਾਗਰ ਕਰਦੀ ਹੈ। ਵਧੀਕ ਡੀਜੀਪੀ (ਜੇਲ੍ਹਾਂ) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇੱਕ ਡੀਆਈਜੀ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸ੍ਰੀ ਸਹੋਤਾ ਨੇ ਕਿਹਾ ਕਿ ਇਹ ਮਾਮਲਾ 4 ਜੂਨ ਦਾ ਹੈ, ਜੋ ਉਨ੍ਹਾਂ ਦੇ ਜੇਲ੍ਹ ਵਿਭਾਗ ’ਚ ਆਉਣ ਤੋਂ ਪਹਿਲਾਂ ਦਾ ਹੈ ਪਰ ਡੀਆਈਜੀ ਦੀ ਜਾਂਚ ਰਿਪੋਰਟ ’ਤੇ ਜੇਲ੍ਹ ਅਮਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਜੇਲ੍ਹ ਅੰਦਰ ਸ਼ਰੇਆਮ ਜਨਮ ਦਿਨ ਦੇ ਜਸ਼ਨ ਮਨਾਉਣ ਤੇ ਭੰਗੜੇ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ। ਇਸ ਵੀਡੀਓ ’ਚ ਕੈਦੀਆਂ ਦੇ ਹੱਥਾਂ ’ਚ ਮਹਿੰਗੇ ਸਮਾਰਟ ਫੋਨ ਫੜ੍ਹੇ ਹੋਏ ਹਨ। ਸਰਕਾਰ ਮੁਤਾਬਕ ਜੇਲ੍ਹਾਂ ’ਚ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਹੈ। ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖ਼ੀਆਂ ’ਚ ਰਹਿੰਦੀਆਂ ਹਨ ਤੇ 10 ਕੁ ਮਹੀਨੇ ਪਹਿਲਾਂ ਨਾਭਾ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ’ਚੋਂ ਨਾਮੀ ਗੈਂਗਸਟਰ ਤੇ ਅਤਿਵਾਦੀ ਫਰਾਰ ਹੋ ਗਏ ਸਨ। ਅੰਮ੍ਰਿਤਸਰ ਜੇਲ੍ਹ ’ਚ ਤਾਇਨਾਤ ਕਿਸੇ ਵੀ ਮੁਲਾਜ਼ਮ ਜਾਂ ਅਫ਼ਸਰ ਨੇ ਜਸ਼ਨਾਂ ਦੀ ਭਾਫ਼ ਨਹੀਂ ਨਿਕਲਣ ਦਿੱਤੀ, ਜਿਸ ਕਰਕੇ ਸਾਰਾ ਮਾਮਲਾ ਸ਼ੱਕੀ ਬਣ ਗਿਆ ਹੈ। ਸੂਤਰਾਂ ਮੁਤਾਬਕ ਜਨਮ ਦਿਨ ਦੇ ਜਸ਼ਨ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਨਾਏ ਗਏ ਹਨ। ਜੇਲ੍ਹਾਂ ’ਚ ਸਹੂਲਤਾਂ ਦੇਣ ਲਈ ਅਫ਼ਸਰਾਂ ਵੱਲੋਂ ਕਥਿਤ ਤੌਰ ’ਤੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਹਨ। ਪੰਜਾਬ ਪੁਲੀਸ ਦਾ ਮੰਨਣਾ ਹੈ ਕਿ ਸੂਬੇ ’ਚ ਗੈਂਗਸਟਰਾਂ ਦੇ ਤਕਰੀਬਨ 55 ਗਰੋਹ ਸਰਗਰਮ ਹਨ, ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ 500 ਤੋਂ ਵਧੇਰੇ ਹੈ। ਇਸ ਮੁਤਾਬਕ ਤਕਰੀਬਨ 300 ਗੈਂਗਸਟਰ ਪੁਲੀਸ ਦੀ ਗ੍ਰਿਫਤ ’ਚੋਂ ਬਾਹਰ ਹਨ। ਗੈਂਗਸਟਰਾਂ ਦੇ ਸਿਰ ’ਤੇ ਸਿਆਸੀ ਆਗੂਆਂ ਦਾ ਹੱਥ ਹੋਣ ਦੇ ਦੋਸ਼ ਵੀ ਲੱਗਦੇ ਹਨ।  ਸੀਨੀਅਰ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁਲੀਸ ਅਫ਼ਸਰਾਂ ’ਚੋਂ ਪੇਸ਼ੇਵਰ ਪਹੁੰਚ ਤੇ ਕੰਮ ਸੱਭਿਆਚਾਰ ਖ਼ਤਮ ਹੋ ਗਿਆ ਹੈ, ਜਿਸ ਕਰਕੇ ਸੰਗੀਨ ਅਪਰਾਧਾਂ ਨੂੰ ਨੱਥ ਨਹੀਂ ਪਾਈ ਜਾ ਰਹੀ।

ਜੇਲ੍ਹ ਵਿਭਾਗ ਦੀ ਨੌਕਰੀ ਤੋਂ ਤੌਬਾ

ਪੰਜਾਬ ਦੀਆਂ ਜੇਲ੍ਹਾਂ ਦੀ ਬਦਤਰ ਹਾਲਤ ਕਾਰਨ ਕੋਈ ਨੌਜਵਾਨ ਜੇਲ੍ਹ ਵਿਭਾਗ ’ਚ ਅਫ਼ਸਰ ਵਜੋਂ ਨੌਕਰੀ ਕਰਨ ਲਈ ਰਾਜ਼ੀ ਨਹੀਂ। ਪੰਜਾਬ ਪੁਲੀਸ ਦਾ ਵੀ ਕੋਈ ਅਫ਼ਸਰ ਜੇਲ੍ਹਾਂ ’ਚ ਤਾਇਨਾਤੀ ਲਈ ਤਿਆਰ ਨਹੀਂ ਹੈ। ਪੰਜਾਬ ਦੀਆਂ ਜੇਲ੍ਹਾਂ ’ਚ ਇਸ ਸਮੇਂ 200 ਤੋਂ ਵੱਧ ਅਜਿਹੇ ਅਪਰਾਧੀ ਹਨ ਜਿਨ੍ਹਾਂ ਨੂੰ ਪੁਲੀਸ ਤੇ ਜੇਲ੍ਹ ਵਿਭਾਗ ਨੇ ‘ਗੈਂਗਸਟਰਾਂ’ ਵਾਲੀ ਸੂਚੀ ਵਿੱਚ ਰੱਖਿਆ ਹੋਇਆ ਹੈ। ਪੁਲੀਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ’ਚੋਂ 100 ਤੋਂ ਵੱਧ ‘ਏ ਕੈਟੇਗਰੀ’ ਦੇ ਗੈਂਗਸਟਰ ਹਨ, ਜਿਨ੍ਹਾਂ ਖ਼ਿਲਾਫ਼ ਇੱਕ ਤੋਂ ਵੱਧ ਸੰਗੀਨ ਮਾਮਲੇ ਦਰਜ ਹਨ। ਜੇਲ੍ਹਾਂ ’ਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਹਿਰਾਸਤ ’ਚੋਂ ਫਰਾਰ ਹੋਣ ਕਾਰਨ ਪੁਲੀਸ ਨੂੰ ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2016 ਦੌਰਾਨ ਨਾਭਾ ਜੇਲ੍ਹ ’ਚੋਂ ਫਰਾਰ ਹੋਏ ਵਿੱਕੀ ਗੌਂਡਰ ਦੀ ਪੁਲੀਸ ਅਜੇ ਤਕ ਕੋਈ ਸੂਹ ਨਹੀਂ ਲਗਾ ਸਕੀ ਹੈ। ਪੁਲੀਸ ਹਿਰਾਸਤ ’ਚੋਂ ਫਰਾਰ ਹੋਏ ਦਿਲਪ੍ਰੀਤ ਸਿੰਘ ਤੇ ਹਰਿੰਦਰ ਸਿੰਘ ਕਈ ਵਾਰਦਾਤਾਂ ਕਰ ਚੁੱਕੇ ਹਨ ਪਰ ਪੁਲੀਸ ਦੇ ਹੱਥ ਖਾਲ੍ਹੀ ਹਨ।