ਚੰਡੀਗੜ੍ਹ, 8 ਸਤੰਬਰ,ਪੰਜਾਬ ਕਲਾ ਪ੍ਰੀਸ਼ਦ ਦੀ ਅੱਜ ਇੱਥੇ ਪੰਜਾਬ ਕਲਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬੀ ਸ਼ਾਇਰ ਤੇ ਪਦਮਸ੍ਰੀ ਡਾ. ਸੁਰਜੀਤ ਪਾਤਰ ਨੂੰ ਸਰਬਸੰਮਤੀ ਨਾਲ ਪ੍ਰੀਸ਼ਦ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਉੱਘੀ ਥੀਏਟਰ ਸ਼ਖਸੀਅਤ ਡਾ. ਨੀਲਮ ਮਾਨ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ ਜਦਕਿ ਮੌਜੂਦਾ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਦਾ ਅਹੁਦਾ ਫਿਲਹਾਲ ਬਰਕਰਾਰ ਹੈ।
ਪੰਜਾਬ ਸਰਕਾਰ ਤੋਂ ਮਿਲੇ ਸੰਕੇਤਾਂ ਅਨੁਸਾਰ ਫਿਲਹਾਲ ਪ੍ਰੀਸ਼ਦ ਦੀਆਂ ਸਬੰਧਤ ਤਿੰਨ ਅਕਾਦਮੀਆਂ: ਸੰਗੀਤ ਨਾਟਕ, ਲਲਿਤ ਕਲਾ ਅਤੇ ਸਾਹਿਤ ਅਕਾਦਮੀਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਸਤਿੰਦਰ ਸੱਤੀ ਅਤੇ ਐਸ.ਐਸ. ਵਿਰਦੀ ਵਾਂਗ ਛਾਂਗ ਕੇ ਨਵੇਂ ਅਹੁਦੇਦਾਰ ਚੁਣਨ ਦੀ ਕੋਈ ਸੰਭਾਵਨਾ ਨਹੀਂ ਹੈ। ਦੱਸਣਯੋਗ ਹੈ ਕਿ ਡਾ. ਪਾਤਰ ਅਤੇ ਡਾ. ਨੀਲਮ ਮਾਨ ਸਿੰਘ ਨੂੰ ਸਰਕਾਰ ਵੱਲੋਂ ਅੱਧਵਾਟਿਓਂ ਹੀ ਨਾਟਕੀ ਢੰਗ ਨਾਲ  ਪ੍ਰੀਸ਼ਦ ਵਿੱਚੋਂ ਛਾਂਟੀ ਕੀਤੇ ਸੱਤੀ ਅਤੇ ਸ੍ਰੀ ਵਿਰਦੀ ਦੀ ਥਾਂ ਚੁਣਿਆ ਗਿਆ ਹੈ। ਅੱਜ ਪੰਜਾਬ ਕਲਾ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੇ ਕੀਤੀ। ਉਨ੍ਹਾਂ ਰਸਮੀ ਤੌਰ ’ਤੇ ਮੀਟਿੰਗ ਦੀ ਕਾਰਵਾਈ ਚਲਾਈ ਅਤੇ ਡਾ. ਜੌਹਲ ਨੇ ਚੇਅਰਮੈਨ ਲਈ ਡਾ. ਪਾਤਰ ਅਤੇ ਵਾਈਸ ਚੇਅਰਮੈਨ ਲਈ ਡਾ. ਨੀਲਮ ਮਾਨ ਸਿੰਘ ਦੇ ਨਾਮ ਤਜਵੀਜ਼ ਕੀਤੇ। ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ। ਇਹ ਚੋਣ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਕਲਾ ਭਵਨ ਪੁੱਜੇ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਡਾ. ਸੁਰਜੀਤ ਪਾਤਰ ਨੇ ਅਹੁਦਾ ਸੰਭਾਲਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਬਲਬੀਰ ਸਿੰਘ ਸਿੱਧੂ, ਪਰਗਟ ਸਿੰਘ, ਕੁਲਬੀਰ ਸਿੰਘ ਜ਼ੀਰਾ, ਡਾ. ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਅਮਿਤ ਵਿਜ, ਸੰਜੀਵ ਤਲਵਾਰ ਅਤੇ ਪਰਮਿੰਦਰ ਸਿੰਘ ਪਿੰਕੀ ਵੀ ਮੌਜੂਦ ਸਨ।
ਸ੍ਰੀ ਸਿੱਧੂ ਨੇ ਐਲਾਨ ਕੀਤਾ ਕਿ ਕਲਾ ਪ੍ਰੀਸ਼ਦ ਨੂੰ ਕਲਾਕਾਰਾਂ ਦੀ ਪਾਰਲੀਮੈਂਟ ਦਾ ਰੂਪ ਦਿੱਤਾ ਜਾਵੇਗਾ ਅਤੇ ਇਸ ਲਈ ਨਾਮਜ਼ਦਗੀਆ ਕਰਨ ਦੇ ਪੂਰੇ ਅਖਤਿਆਰ ਡਾ. ਪਾਤਰ ਨੂੰ ਹੋਣਗੇ। ਡਾ. ਪਾਤਰ ਨੇ ਕਿਹਾ ਕਿ ਉਹ ਇਸ ਸੰਸਥਾ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਹਰੇਕ ਯਤਨ ਕਰਨਗੇ। ਸ੍ਰੀ ਸਿੱਧੂ ਨੇ ਅੱਜ ਸ਼ਾਮ ਨੂੰ ਕਲਾ ਪ੍ਰੀਸ਼ਦ ਅਤੇ ਸਬੰਧਿਤ ਅਕਾਦਮੀਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਇਸ ਅਦਾਰੇ ਨੂੰ ਵਿਸ਼ਾਲ ਰੂਪ ਦੇਣ ਉਪਰ ਚਰਚਾ ਕੀਤੀ। ਸੂਤਰਾਂ ਅਨੁਸਾਰ ਕਲਾ ਪ੍ਰੀਸ਼ਦ ਨੂੰ ਪੰਜਾਬ ਭਰ ਵਿੱਚ ਸਥਾਪਿਤ ਕਰਨ ਦੀ ਰਣਨੀਤੀ ਬਣਾਈ ਗਈ ਹੈ ਅਤੇ ਇਸ ਬਾਬਤ ਪ੍ਰੀਸ਼ਦ ਦੇ ਸਾਬਕਾ ਸਕੱਤਰ ਜਨਰਲ ਪ੍ਰੋ. ਰਾਜਪਾਲ ਸਿੰਘ ਵੱਲੋਂ ਮੰਤਰੀ ਨੂੰ ਇੱਕ ਤਜਵੀਜ਼ ਦਿੱਤੀ ਗਈ ਹੈ, ਜਿਸ ਵਿੱਚ ਕਲਾ ਪ੍ਰੀਸ਼ਦ ਦੇ ਪਿੰਡ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ’ਤੇ ‘ਸੱਭਿਆਚਾਰਕ ਸੱਥ’ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪਿੰਡ ਪੱਧਰ ਤੱਕ ਸੱਭਿਆਚਾਰਕ ਕੇਂਦਰ ਬਣਾ ਕੇ ਸੂਬਾ ਭਰ ਵਿੱਚ ਵਿਆਪਕ ਪੱਧਰ ’ਤੇ ਸੱਭਿਆਚਾਰਕ ਸਰਗਰਮੀਆਂ ਚਲਾਉਣ ਦੀ ਰਣਨੀਤੀ ਬਣਾਈ ਹੈ।