ਚੀਮਾ ਮੰਡੀ, ਪਿੰਡ ਸ਼ਾਹਪੁਰ ਕਲਾਂ ਵਿੱਚ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਤੋਂ ਨਿਹੰਗਾਂ ਤੇ ਦਲਿਤ ਭਾਈਚਾਰੇ ਵਿਚਕਾਰ ਹੋਈ ਲੜਾਈ ਵਿੱਚ ਇਕ ਜਣਾ ਮਾਰਿਆ ਗਿਆ ਅਤੇ ਇੱਕ ਔਰਤ ਸਮੇਤ ਦਸ ਜਣੇ ਫੱਟੜ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ, ਸੁਨਾਮ ਵਿੱਚ ਦਾਖ਼ਲ ਕਰਾਇਆ ਗਿਆ। ਦਲਿਤ ਭਾਈਚਾਰੇ ਨੇ ਕਿਹਾ ਕਿ ਨਿਹੰਗਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਹੈ।
ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚ ਜਸਪਾਲ ਕੌਰ ਦੇ ਪਤੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੰਚਾਇਤ ਦੀ ਤਿੰਨ ਏਕੜ ਜ਼ਮੀਨ ’ਤੇ ਪਿੰਡ ਦੇ ਕੁੱਝ ਬੰਦਿਆਂ ਦੀ ਸ਼ਹਿ ’ਤੇ ਨਿਹੰਗ ਜਥੇਬੰਦੀ ਦੇ ਸਮਰਥਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਅਕਾਲੀ-ਭਾਜਪਾ ਸਰਕਾਰ ਸਮੇਂ ਪੰਚਾਇਤ ਨੇ ਪ੍ਰਸ਼ਾਸਨ ਦੀ ਮਦਦ ਨਾਲ ਨਿਹੰਗਾਂ ਤੋਂ ਅੱਧੀ ਜ਼ਮੀਨ ਛੁਡਵਾ ਲਈ ਸੀ। ਨਿਹੰਗ ਹੁਣ ਇਸ ਜ਼ਮੀਨ ਦਾ ਇੰਤਕਾਲ ਨਹੀਂ ਹੋਣ ਦੇ ਰਹੇ ਸਨ। ਨਿਹੰਗਾਂ ਤੋਂ ਛੁਡਾਈ ਡੇਢ ਏਕੜ ਜ਼ਮੀਨ ’ਚੋਂ ਦੋ ਦੋ ਵਿਸਵੇ ਥਾਂ 54 ਦਲਿਤ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਦਿੱਤੀ ਗਈ ਸੀ। ਪਰ ਅਦਾਲਤ ਵਿੱਚ ਕੇਸ ਚਲਦਾ ਹੋਣ ਕਾਰਨ ਹਾਲ ਦੀ ਘੜੀ ਇਸ ਜਗ੍ਹਾ ’ਤੇ ਕੋਈ ਉਸਾਰੀ ਨਹੀਂ ਕੀਤੀ ਸੀ।
ਗੁਰਦੇਵ ਸਿੰਘ ਮੁਤਾਬਕ ਦਲਿਤ ਭਾਈਚਾਰੇ ਨੂੰ ਮਕਾਨ ਬਣਾਉਣ ਲਈ ਦਿੱਤੀ ਡੇਢ ਏਕੜ ਜ਼ਮੀਨ ’ਤੇ ਮੁੜ ਕਬਜ਼ਾ ਕਰਨ ਲਈ ਲੰਘੀ ਰਾਤ ਨਿਹੰਗਾਂ ਨੇ ਨਾਲ ਇਹ ਜ਼ਮੀਨ ਵਾਹ ਦਿੱਤੀ। ਅੱਜ ਸਵੇਰੇ ਜਦੋਂ ਦਲਿਤ ਭਾਈਚਾਰੇ ਦੇ ਲੋਕ ਜ਼ਮੀਨ ਦੇਖਣ ਗਏ ਤਾਂ ਨਿਹੰਗਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਤੇਜਾ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਘੋਲਾ ਸਿੰਘ, ਲਾਲ ਸਿੰਘ, ਸਤਨਾਮ ਸਿੰਘ, ਰਾਜ ਸਿੰਘ, ਜਾਗਰ ਸਿੰਘ, ਮੇਲਾ ਸਿੰਘ, ਗੁਰਮੇਲ ਸਿੰਘ, ਨਿੰਦਰ ਖਾਨ, ਰਜਨੀ ਅਤੇ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਡੀਐਸਪੀ ਵਿਲੀਅਮ ਜੇਜੀ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਥਾਣਾ ਚੀਮਾ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਨਿਹੰਗ ਧਿਰ ਦੇ ਸ਼ਮਸ਼ੇਰ ਸਿੰਘ ਅਤੇ ਮੱਘਰ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।