ਚੰਡੀਗੜ, 30 ਅਕਤੂਬਰ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਵਾਹੀਯੋਗ ਸ਼ਾਮਲਤ ਜਮੀਨਾ ਦੀ ਬੋਲੀ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਦਿੱਤੀਆਂ ਹਦਾਇਤਾਂ ਦੇ ਸਿੱਟੇ ਵਜੋਂ ਇਸ ਸਾਲ 307 ਕਰੋੜ ਰੁਪਏ ਦੀ ਆਮਦਨ ਹੋਈ ਹੈ।ਇਹ ਆਮਦਨ ਪਿਛਲੇ ਸਾਲ ਹੋਈ ਆਮਦਨ ਨਾਲੋ ਪੰਜ ਫੀਸਦੀ ਵੱਧ ਹੋਈ ਹੈ। ਪੰਜਾਬ ਵਿਚ ਅੱਜ ਤੱਕ ਪੰਚਾਇਤੀ ਜਮੀਨਾਂ ਦੀ ਹੋਈ ਬੋਲੀ ਤੋਂ ਇਸ ਸਾਲ ਸਭ ਤੋਂ ਵੱਧ ਆਮਦਨ ਇੱਕਠੀ ਹੋਈ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ 1,45,000 ਏਕੜ ਵਾਹੀਯੋਗ ਪੰਚਾਇਤੀ ਜਮੀਨ ਦੀ ਬੋਲੀ ਲਈ ਉਪਲੱਬਧ ਹੈ।ਉਨਾਂ ਦੱਸਿਆ ਕਿ ਪਿਛਲੇ ਸਾਲ ਪੰਚਾਇਤੀ ਜਮੀਨਾਂ ਦੀ ਬੋਲੀ ਤੋਂ 292 ਕਰੋੜ ਰੁਪਏ ਕੁੱਲ ਆਮਦਨ ਹੋਈ ਸੀ, ਜਦਕਿ ਇਸ ਸਾਲ ਪੰਚਾਇਤੀ ਜਮੀਨਾਂ ਦੀ ਬੋਲੀ ਤੋਂ 307 ਕਰੋੜ ਰੁਪਏ ਆਮਦਨ ਹੋਈ ਹੈ।ਉਨਾਂ ਅੱਗੇ ਦੱਸਿਆ ਕਿ ਪਿਛਲੇ ਸਾਲ 20500 ਰੁਪਏ ਪ੍ਰਤੀ ਏਕੜ ਆਮਦਨ ਦੇ ਮੁਕਾਬਲੇ ਇਸ ਸਾਲ 22000 ਰੁਪਏ ਪ੍ਰਤੀ ਏਕੜ ਆਮਦਨ ਹੋਈ ਹੈ।ਉਨਾਂ ਨਾਲ ਹੀ ਦੱਸਿਆ ਕਿ ਸੂਬੇ ਭਰ ਵਿਚੋਂ ਪ੍ਰਤੀ ਏਕੜ ਔਸਤਨ ਆਮਦਨ ਵਿਚੋਂ ਸੰਗਰੂਰ ਜ਼ਿਲਾ ਸਭ ਤੋਂ ਮੋਹਰੀ ਰਿਹਾ, ਜਿੱਥੇ ਔਸਤਨ ਆਮਦਨ 32000 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵੱਧ ਰਹੀ ਹੈ।ਇਸ ਤੋਂ ਇਲਾਵਾ ਮੋਜੂਦਾ ਸਾਲ ਵਿਚ ਗੁਰਦਾਸਪੁਰ ਜ਼ਿਲਾ ਔਸਤ ਆਮਦਨ ਵਾਧੇ ਵਿਚ ਮੋਹਰੀ ਰਿਹਾ, ਜਿੱਥੇ ਵਾਧਾ 15 ਫੀਸਦੀ ਹੋਇਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਾਹੀਯੋਗ ਪੰਚਾਇਤੀ ਜਮੀਨਾਂ ਦੀ ਬੋਲੀ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਜੀ ਦੀਆਂ ਹਦਾਇਤਾਂ ‘ਤੇ 50 ਏਕੜ ਜਾਂ ਇਸ ਤੋਂ ਵੱਧ ਰਕਬੇ ਵਾਲੀ ਪੰਚਾਇਤੀ ਜਮੀਨਾਂ ਦੀ ਬੋਲੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਨਿਗਾਰਨੀ ਹੇਠ ਕਰਵਾਈ ਗਈ।
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਪੰਚਾਇਤਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਆਮਦਨ ਨੂੰ ਪਿੰਡਾ ਦੇ ਸਰਵਪੱਖੀ ਵਿਕਾਸ ਲਈ ਪਾਰਦਰਸ਼ੀ ਢੰਗ ਨਾਲ ਖਰਚਿਆ ਜਾਵੇ। ਉਨਾਂ ਨਾਲ ਹੀ ਕਿਹਾ ਕਿ ਉੱਚ ਦਰਜੇ ਦੇ ਵਿਕਾਸ ਕਾਰਜ ਕਰਵਾਏ ਜਾਣ ਅਤੇ ਜੇਕਰ ਕੋਈ ਉਣਤਾਈਆਂ ਪਾਈਆਂ ਗਈਆਂ ਤਾਂ ਸਬੰਧਤ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।