ਫਤਹਿਗੜ੍ਹ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਿੱਖ ਨੌਜੁਆਨ ਬੁੱਧੀਜੀਵੀ ਕਮੇਟੀ ਦੀ ਇਕੱਤਰਤਾ ਅੱਜ ਸ਼ੋ੍ਮਣੀ ਕਮੇਟੀ ਪ੍ਰਧਾਨ  ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਉਨ੍ਹਾਂ ਨੇ ਸਿੱਖ ਕੌਮ ਅਤੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਤੇ ਸਮੱਸਿਆਵਾਂ ਦੇ ਹੱਲ ਲਈ ਨੌਜੁਆਨ ਸਿੱਖ ਸਕਾਲਰਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਕਾਲਰ, ਇਨ੍ਹਾਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰ ਕੇ ਗੁਰਮਤਿ ਦੀ ਰੌਸ਼ਨੀ ਵਿਚ ਹੱਲ ਸੁਝਾਉਣ ਦੀ ਪਹਿਲਕਦਮੀ ਕਰਨ। ਅੱਜ ਸਿੱਖੀ ਦੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਾਧਨਾਂ ਦੁਆਰਾ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਯਤਨ ਕੀਤੇ ਗਏ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੂਸਰੇ ਪਾਸੇ ਅਕਾਦਮਿਕ ਪੱਖ ਤੋਂ ਗੁਰਮਤਿ ਦੇ ਪ੍ਰਚਾਰ ਲਈ ਨੌਜੁਆਨ ਸਿੱਖ ਸਕਾਲਰਾਂ ਨੂੰ ਵੀ ਗੁਰਮਤਿ ਫ਼ਲਸਫ਼ੇ ਦੇ ਪ੍ਰਚਾਰ ਦੇ ਨਾਲ ਨਾਲ ਵਰਤਮਾਨ ਸਮਾਜਕ ਚੁਣੌਤੀਆਂ ਨੂੰ ਉਭਾਰਨਾ ਚਾਹੀਦਾ ਹੈ। ਉਨ੍ਹਾਂ ਨੇ ਨਸ਼ੇ, ਪਤਿਤਪੁਣਾ, ਵਾਤਾਵਰਣ ਪ੍ਰਦੂਸ਼ਣ, ਵਿਆਹਾਂ ਉੱਪਰ ਹੁੰਦੀ ਫ਼ਜ਼ੂਲ ਖਰਚੀ, ਖੁਦਕੁਸ਼ੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬੁੱਧੀਜੀਵੀਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਆ। ਡਾ. ਪ੍ਰਭਜੋਤ ਕੌਰ ਚੰਡੀਗੜ੍ਹ ਨੇ ਕਿਹਾ ਕਿ ਕੌਮ ਦੇ ਨੌਜੁਆਨ ਸਕਾਲਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਮੌਜੂਦਾ ਚੁਣੌਤੀਆਂ ਤੇ ਸਮੱਸਿਆਵਾਂ ਦਾ ਮੰਥਨ ਕਰਨਾ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸ ਯਤਨ ਦੇ ਨਿਰਸੰਦੇਹ ਸਾਰਥਕ ਸਿੱਟੇ ਨਿਕਲਣਗੇ।
ਇਸ ਮੌਕੇ ਹਾਜ਼ਰ ਨੌਜੁਆਨ ਸਿੱਖ ਬੁੱਧੀਜੀਵੀਆਂ ਵਿਚੋਂ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਪਰਮਜੀਤ ਕੌਰ, ਗੁਰਮਤਿ ਕਾਲਜ ਪਟਿਆਲਾ ਤੋਂ ਡਾ. ਅਸਪ੍ਰੀਤ ਕੌਰ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਤੋਂ ਡਾ. ਸਤਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਝਾੜ ਸਾਹਿਬ ਤੋਂ ਬੀਬੀ ਬਲਜਿੰਦਰ ਕੌਰ ਆਦਿ ਨੇ ਵੀ ਸੁਝਾਅ ਪੇਸ਼ ਕੀਤੇ। ਮੰਚ ਸੰਚਾਲਨ ਵਿਸ਼ਵ ਵਰਸਿਟੀ ਦੀ ਪ੍ਰੋਫੈਸਰ ਡਾ. ਕਿਰਨਦੀਪ ਕੌਰ ਨੇ ਕੀਤਾ।