ਸਸਕੈਚਵਨ — ਪ੍ਰੀਮੀਅਰ ਬਰੈਡ ਵਾਲ 27 ਜਨਵਰੀ, 2018 ਨੂੰ ਰਿਟਾਇਰ ਹੋਣਗੇ ਤੇ ਉਨ੍ਹਾਂ ਇੱਥੇ ਬਤੀਤ ਕੀਤੇ ਆਪਣੇ ਸਮੇਂ ਨੂੰ ਭਿੱਜੀਆਂ ਅੱਖਾਂ ਨਾਲ ਯਾਦ ਕੀਤਾ। ਲਗਭਗ ਇੱਕ ਦਹਾਕੇ ਤਕ ਹਾਊਸ ‘ਚ ਬਣੇ ਰਹਿਣ ਤੋਂ ਬਾਅਦ ਬਰੈਡ ਵਾਲ ਨੇ ਵੀਰਵਾਰ ਨੂੰ ਸਸਕੈਚਵਨ ਦੀ ਵਿਧਾਨਸਭਾ ਨੂੰ ਅਲਵਿਦਾ ਆਖਿਆ। ਇਸ ਮੌਕੇ ਮਾਹੌਲ ਕਾਫੀ ਗਮਗੀਨ ਹੋ ਗਿਆ ਤੇ ਸਾਰਿਆਂ ਨੇ ਉਨ੍ਹਾਂ ਨੂੰ ਹੰਝੂਆਂ ਤੇ ਦੁਖੀ ਮਨ ਨਾਲ ਵਿਦਾਈ ਦਿੱਤੀ। 
ਵਾਲ ਦੇ ਸਹਿਯੋਗੀਆਂ ਤੇ ਵਿਰੋਧੀਆਂ ਦੋਵਾਂ ਵੱਲੋਂ ਉਨ੍ਹਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਨੂੰ ਇੱਕ ਘੰਟੇ ਤੱਕ ਸਾਂਝਾ ਕੀਤਾ ਗਿਆ ਫਿਰ ਵਾਲ ਨੇ ਹਾਊਸ ਵਿੱਚ ਆਪਣਾ ਫਾਈਨਲ ਭਾਸ਼ਣ ਦਿੱਤਾ। ਸਸਕੈਚਵਨ ਪਾਰਟੀ ਲਈ ਸਵਿਫਟ ਕਰੰਟ ਦੀ ਸੀਟ ਸਾਲਾਂ ਤੱਕ ਸਾਂਭਣ ਤੋਂ ਬਾਅਦ ਵਾਲ ਅਗਲੇ ਮਹੀਨੇ ਰਿਟਾਇਰ ਹੋਣ ਜਾ ਰਹੇ ਹਨ।
ਵਾਲ ਨੇ ਦੱਸਿਆ ਕਿ ਆਪਣੀ ਕਮਿਊਨਿਟੀ ਦੀ ਨੁਮਾਇੰਦਗੀ ਕਰਨ ਲਈ ਜਿੰਨੀ ਵਾਰੀ ਵੀ ਉਹ ਵਿਧਾਨਸਭਾ ਵਿੱਚ ਦਾਖਲ ਹੁੰਦੇ ਸਨ ਤਾਂ ਉਨ੍ਹਾਂ ਨੂੰ ਹਮੇਸ਼ਾਂ ਸਾਰਾ ਕੁੱਝ ਪਹਿਲੀ ਵਾਰੀ ਵਾਂਗ ਤਰੋਤਾਜ਼ਾ ਲੱਗਦਾ ਸੀ। ਵਾਲ ਨੇ ਆਪਣੇ ਕਲੀਗਜ਼ ਤੇ ਮਹਿਮਾਨਾਂ ਨੂੰ ਦੱਸਿਆ ਕਿ ਆਪਣੀ ਵਰਕਿੰਗ ਲਾਈਫ ਤੋਂ ਉਹ ਕਾਫੀ ਖੁਸ਼ ਹਨ ਤੇ ਉਨ੍ਹਾਂ ਨੂੰ ਆਪਣੇ ਕੰਮ ਦੀ ਕਾਫੀ ਸੰਤੁਸ਼ਟੀ ਹੈ। 
ਉਨ੍ਹਾਂ ਕਿਹਾ ਕਿ ਸਸਕੈਚਵਨ ਪਾਰਟੀ ਅਤੇ ਸੂਬੇ ਲਈ ਇਹ ਨਵੀਂਨੀਕਰਨ ਚੰਗਾ ਰਹੇਗਾ, ਉਨ੍ਹਾਂ ਅਗਸਤ ਵਿੱਚ ਹੀ ਆਪਣੇ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ ਸੀ। ਉਹ 27 ਜਨਵਰੀ ਤੱਕ ਪ੍ਰੀਮੀਅਰ ਬਣੇ ਰਹਿਣਗੇ ਤੇ ਉਦੋਂ ਹੀ ਉਨ੍ਹਾਂ ਦੇ ਜਾਨਸ਼ੀਨ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਨੂੰ ਪਹਿਲੀ ਵਾਰੀ 1999 ਵਿੱਚ ਵਿਧਾਨਸਭਾ ਦਾ ਮੈਂਬਰ ਚੁਣਿਆ ਗਿਆ ਸੀ। 2003 ਵਿੱਚ ਹੋਈਆਂ ਚੋਣਾਂ ਵਿੱਚ ਪਾਰਟੀ ਨੂੰ ਹਾਰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿੱਚ ਸਰਬਉੱਚ ਸਥਾਨ ਹਾਸਲ ਹੋਇਆ। ਉਨ੍ਹਾਂ 2007 ਤੋਂ ਸ਼ੁਰੂ ਕਰਦਿਆਂ 2016 ਤੱਕ ਪਾਰਟੀ ਨੂੰ ਲਗਾਤਾਰ ਤਿੰਨ ਵਾਰੀ ਜਿੱਤ ਦਿਵਾਈ ਤੇ 61 ਵਿੱਚੋਂ 51 ਸੀਟਾਂ ਜਿੱਤੀਆਂ। ਤਿੰਨ ਸਾਲਾਂ ਵਿੱਚ ਉਹ ਕੈਨੇਡਾ ਦੇ ਹਾਈ ਪ੍ਰੋਫਾਈਲ ਪ੍ਰੀਮੀਅਰਜ਼ ਵਿੱਚੋਂ ਇੱਕ ਬਣ ਗਏ। ਉਨ੍ਹਾਂ ਦੇ ਸਧਾਰਨ ਸਟਾਈਲ, ਤਿੱਖੇ ਮਖੌਲਾਂ ਤੇ ਓਟਾਵਾ ਨਾਲ ਹਮੇਸ਼ਾਂ ਮੱਥਾ ਲਾਉਣ ਵਾਲੀਆਂ ਆਦਤਾਂ ਕਾਰਨ ਉਹ ਜਲਦ ਹੀ ਕੈਨੇਡਾ ਭਰ ਵਿੱਚ ਮਸ਼ਹੂਰ ਹੋ ਗਏ। 52 ਸਾਲਾ ਵਾਲ ਨੇ ਕਿਹਾ ਕਿ ਉਹ ਇੱਥੇ ਬਤੀਤ ਕੀਤੇ ਆਪਣੀ ਜ਼ਿੰਦਗੀ ਦੇ ਖਾਸ ਪਲਾਂ ਨੂੰ ਕਦੇ ਨਹੀਂ ਭੁੱਲ ਸਕਦੇ।