ਓਟਾਵਾ — ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਨਵੀਂ ‘ਨੈਸ਼ਨਲ ਸਕਿਓਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਆਮੈਂਟੇਰੀਅਨਜ਼’ ਦੇ 11 ਮੈਂਬਰਾਂ ਦੇ ਨਾਂਵਾਂ ਬਾਰੇ ਜਾਣਕਾਰੀ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਜੂਨ ਦੇ ਮਹੀਨੇ ਪਾਸ ਕੀਤੇ ਗਏ ਬਿੱਲ ਸੀ-22 ਤੋਂ ਬਾਅਦ ਹੀ ਇਕ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੀ ਜ਼ਿੰਮੇਵਾਰੀ ਕੈਨੇਡਾ ਦੀ ਕੌਮੀ ਸਕਿਓਰਿਟੀ, ਖੁਫੀਆ ਏਜੰਸੀਆਂ ਦੇ ਕੰਮਕਾਜ ਉੱਤੇ ਨਜ਼ਰ ਰੱਖਣਾ ਹੋਵੇਗਾ। ਇਨ੍ਹਾਂ ‘ਚ ਸੀ.ਐੱਸ.ਆਈ.ਐੱਸ ਤੇ ਆਰ.ਸੀ.ਐੱਮ.ਪੀ. ਤੋਂ ਇਲਾਵਾ ਸੀ.ਬੀ.ਐੱਸ.ਏ ਦੀਆਂ ਗਤੀਵਿਧੀਆਂ ਵੀ ਸ਼ਾਮਲ ਹੋਣਗੀਆਂ। ਇਹ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰੇਗੀ ਤੇ ਫਿਰ ਉਨ੍ਹਾਂ ਨੂੰ ਪਾਰਲੀਆਮੈਂਟ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਤੈਅ ਹੋ ਚੁੱਕਾ ਹੈ ਕਿ ਲਿਬਰਲ ਐੱਮ.ਪੀ. ਡੇਵਿਡ ਮੈਗਿੰਟੀ ਇਸ ਕਮੇਟੀ ਦੇ ਚੇਅਰ ਪਰਸਨ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ 42,200 ਡਾਲਰ ਤਨਖਾਹ ਵੀ ਮਿਲੇਗੀ। ਕਮੇਟੀ ਦੇ ਬਾਕੀ ਮੈਂਬਰਾਂ ਨੂੰ ਸਾਲ ਵਿੱਚ 11,900 ਡਾਲਰ ਵਾਧੂ ਹਾਸਲ ਹੋਇਆ ਕਰਨਗੇ। ਇਸ ਤੋਂ ਇਲਾਵਾ ਇਨ੍ਹਾਂ ਨੂੰ ਵਾਧੂ ਸਕਿਓਰਿਟੀ ਕਲੀਅਰੈਂਸ ਵੀ ਹਾਸਲ ਹੋਇਆ ਕਰੇਗਾ। ਕਮੇਟੀ ਦੇ ਹੋਰਨਾਂ ਮੈਂਬਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ :
-ਲਿਬਰਲ ਐੱਮ.ਪੀ. ਇਮੈਨੂਅਲ ਡੂਬੌਰਗ
-ਲਿਬਰਲ ਐੱਮ.ਪੀ. ਹੈਦੀ ਫਰਾਇ
-ਲਿਬਰਲ ਐੱਮ.ਪੀ. ਗੂਡੀ ਹਚਿੰਗਜ਼
-ਲਿਬਰਲ ਐੱਮ.ਪੀ. ਬ੍ਰੈਂਡਾ ਸ਼ਾਨਾਹਨ
-ਕੰਜ਼ਰਵੇਟਿਵ ਐੱਮ.ਪੀ. ਗੌਰਡ ਬ੍ਰਾਊਨ
-ਕੰਜ਼ਰਵੇਟਿਵ ਐੱਮ.ਪੀ. ਟੋਨੀ ਕਲੇਮੈਂਟ
-ਐਨਡੀਪੀ ਐੱਮ.ਪੀ. ਮੁਰੇ ਰੈਨਕਿਨ
-ਲਿਬਰਲ ਸੈਨੇਟਰ ਪਰਸੀ ਈ. ਡਾਊਨੇ
-ਇੰਡੀਪੈਂਡੈਂਟ ਸੈਨੇਟਰ ਫਰਾਂਸਿਜ਼ ਲੈਨਕਿਨ
-ਕੰਜ਼ਰਵੇਟਿਵ ਸੈਨੇਟਰ ਵਰਨੌਨ ਵਾਈਟ
ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀ ਕਮੇਟੀ ਪਹਿਲੀ ਵਾਰੀ ਕੈਨੇਡਾ ਵਿੱਚ ਬਣਾਈ ਗਈ ਹੈ। ਅਜਿਹੀ ਕਮੇਟੀ ਕਾਇਮ ਕਰਕੇ ਲਿਬਰਲਾਂ ਨੇ ਆਪਣਾ ਕੌਮੀ ਸਕਿਓਰਿਟੀ ਵਿੱਚ ਵਾਧਾ ਕਰਨ ਦਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਅਜੇ ਤੱਕ ਇਹ ਫੈਸਲਾ ਨਹੀਂ ਹੋਇਆ ਕਿ ਕਮੇਟੀ ਦੀ ਪਹਿਲੀ ਮੀਟਿੰਗ ਕਦੋਂ ਹੋਵੇਗੀ।