ਟੋਰਾਂਟੋ— ਆਇਲਾਨ ਕੁਰਦੀ ਨਾਂ ਦੇ ਉਸ ਬੱਚੇ ਨੂੰ ਕੌਣ ਭੁੱਲ ਸਕਦਾ ਹੈ। ਇਹ ਬੱਚਾ ਸੀਰੀਆਈ ਬੱਚਾ ਸੀ, ਜੋ ਕਿ ਸਮੁੰਦਰ ‘ਚ ਡੁੱਬ ਕੇ ਮਰ ਗਿਆ ਸੀ। ਇਸ ਬੱਚੇ ਦੀ ਮੌਤ ਨੇ ਪੂਰੀ ਦੁਨੀਆ ਨੂੰ ਰੁਆ ਦਿੱਤਾ ਸੀ। ਆਇਲਾਨ ਆਪਣੇ ਮਾਤਾ-ਪਿਤਾ ਨਾਲ ਸੀਰੀਆ ਤੋਂ ਨਿਕਲ ਕੇ ਗ੍ਰੀਸ ‘ਚ ਸ਼ਰਨ ਲੈਣ ਜਾ ਰਿਹਾ ਸੀ ਕਿ ਤੁਰਕੀ ਤੱਟ ‘ਤੇ ਕਿਸ਼ਤੀ ਡੁੱਬਣ ਕਾਰਨ ਆਇਲਾਨ ਦੀ ਮੌਤ ਹੋ ਗਈ। ਇਸ 3 ਸਾਲ ਦੇ ਆਇਲਾਨ ਕੁਰਦੀ ਦੀ ਤਸਵੀਰ ਨੇ ਸ਼ਰਨਾਰਥੀਆਂ ਦੀ ਸਮੱਸਿਆਵਾਂ ‘ਤੇ ਸਾਰੇ ਦੇਸ਼ਾਂ ਦਾ ਧਿਆਨ ਖਿੱਚਿਆ। ਇਸ ਹਾਦਸੇ ਵਿਚ ਸਿਰਫ ਆਇਲਾਨ ਦੇ ਪਿਤਾ ਹੀ ਬਚੇ ਸਨ। 
ਭਾਵੇਂ ਹੀ ਹੁਣ ਸਭ ਕੁਝ ਆਮ ਵਾਂਗ ਹੋ ਗਿਆ ਹੈ ਪਰ ਇਸ ਤਿੰਨ ਸਾਲਾ ਬੱਚੇ ਨੂੰ ਭੁਲਾਇਆ ਨਹੀਂ ਜਾ ਸਕਦਾ। ਕੁਰਦੀ ਇਸ ਤਸਵੀਰ ਤੋਂ ਪ੍ਰੇਰਿਤ ਹੋ ਕੇ ਕੈਨੇਡਾ ‘ਚ ਕੁਝ ਨੌਜਵਾਨ ਕਲਾਕਾਰ ਸ਼ਰਨਾਰਥੀਆਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਹ ਕੁਝ ਵੱਖਰੇ ਢੰਗ ਨਾਲ ਉਨ੍ਹਾਂ ਦੀ ਮਦਦ ਕਰ ਰਹੇ ਹਨ, ਜਿਸ ਬਾਰੇ ਪੜ੍ਹ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕੀਤੇ ਬਿਨਾਂ ਨਹੀਂ ਰਹਿ ਸਕੇਗਾ।
ਆਇਸ਼ਾ ਹੈਦਰ ਅਤੇ ਨੂਰਨ ਅਲਾਬਦੇਹ ਨਾਂ ਦੀ ਦੋ ਲੜਕੀਆਂ ਇਕ ਪ੍ਰਾਜੈਕਟ ‘ਤੇ ਕੰਮ ਕਰ ਰਹੀਆਂ। ਇਸ ਰਾਹੀਂ ਸ਼ਰਨਾਰਥੀ ਬੱਚਿਆਂ ਦੀ ਮਦਦ ਕੀਤੀ ਜਾਵੇਗੀ। ਇਨ੍ਹਾਂ ਨੌਜਵਾਨ ਕੁੜੀਆਂ ਦੇ ਨਾਲ 8 ਹੋਰ ਕਲਾਕਾਰ ਹਨ। ਇਹ ਲੜਕੀਆਂ ਕੈਨੇਡਾ ਵਿਚ ਰਹਿੰਦੀਆਂ ਹਨ। ਲੜਕੀਆਂ ਦਾ ਸਮੂਹ ਸੀਰੀਆਈ ਕੈਨੇਡੀਅਨ ਫਾਊਂਡੇਸ਼ਨ ਅਤੇ ਅਲ-ਕਾਜ਼ਜ਼ਾਜ਼ ਫਾਊਂਡੇਸ਼ਨ ਫਾਰ ਐਜੂਕੇਸ਼ਨ ਐਂਡ ਡਿਵੈਲਪਮੈਂਟ ਵਲੋਂ ਪ੍ਰਾਜੈਕਟ ‘ਤੇ ਕੰਮ ਕਰ ਰਹੀਆਂ ਹਨ। ਇਸ ਕੰਮ ਵਿਚ ਉਹ ਫੰਡ ਇਕੱਠਾ ਕਰਦੀਆਂ ਹਨ, ਉਹ ਵੀ ਆਪਣੀ ਚਿੱਤਕਾਰੀ ‘ਚ ਜਾਨ ਪਾ ਕੇ। ਇਨ੍ਹਾਂ ਨੌਜਵਾਨ ਕੁੜੀਆਂ ਦੇ ਸਮੂਹ ਨੂੰ ਸੀਰੀਆਈ ਬੱਚਾ ਦੇ ਪ੍ਰਤੀਕ ਦੇ ਰੂਪ ‘ਚ ਆਪਣੀ ਪੇਂਟਿੰਗ ਬਣਾਈ ਹੈ ਅਤੇ ਇਸ ਤੋਂ ਇਲਾਵਾ ਵੀ ਕਈ ਹੋਰ ਪੇਂਟਿੰਗ ਬਣਾਈਆਂ ਹਨ, ਜਿਨ੍ਹਾਂ ਦੀ ਨਿਲਾਮੀ ਹੁੰਦੀ ਹੈ। 19 ਸਾਲਾ ਹੈਦਰ ਨੇ ਦੱਸਿਆ ਕਿ ਇਸ ਨਿਲਾਮੀ ਤੋਂ ਇਕੱਠੇ ਹੋਏ ਪੈਸਿਆਂ ਤੋਂ ਸ਼ਰਨਾਰਥੀ ਬੱਚਿਆਂ ਦੀ ਸਿੱਖਿਆ, ਉਨ੍ਹਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਉਹ ਉਮੀਦ ਕਰਨਗੇ ਕਿ ਉਹ ਆਪਣੀ ਧਰਤੀ ‘ਤੇ ਮੁੜ ਵਾਪਸ ਜਾ ਸਕਣ, ਜਿਥੋਂ ਉਹ ਆਏ ਸਨ। ਇਸ ਪੇਂਟਿੰਗ ਦਾ ਨਾਂ ‘ਹਨ੍ਹੇਰੇ ਤੋਂ ਡੂੰਘਾਈ ਤੋਂ ਆਸ’ ਹੈ।