ਮੋਗਾ,  ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਕੇਸ ਵਿੱਚ ਨਿਹਾਲ ਸਿੰਘ ਵਾਲਾ ਅਦਾਲਤ ’ਚ 17 ਨਵੰਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਜਾਣਾ ਹੈ। ਥਾਣਾ ਬੱਧਨੀ ਕਲਾਂ ਅਧੀਨ ਪਿੰਡ ਲੋਪੋ ਵਿੱਚ 16 ਫਰਵਰੀ 2005 ਨੂੰ ਪੁਲੀਸ ਚੌਕੀ ਦੇ ਮੁਨਸ਼ੀ ਜਸਵੀਰ ਸਿੰਘ ਨੂੰ ਉਸ ਵਕਤ ਗੋਲੀ ਮਾਰੀ ਗਈ ਸੀ ਜਦੋਂ ਅੰਮ੍ਰਿਤਸਰ ਤੋਂ ਇੱਕ ਵਿਦਿਆਰਥੀ ਦੇ ਅਗਵਾ ਹੋਣ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਸੀ।
ਜਸਵੀਰ ਸਿੰਘ ਨੇ ਇੱਕ ਕਾਰ ’ਚ ਘੁੰਮਦੇ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਕੇਸ ’ਚ 19 ਜਨਵਰੀ 2010 ਨੂੰ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਹਵਾਰਾ ਦੇ ‘ਸਾਥੀਆਂ’ ਨੂੰ ਬਰੀ ਕਰ ਦਿੱਤਾ ਸੀ। ਮੁਲਜ਼ਮ ਹਵਾਰਾ ਦੀ ਇਸ ਕੇਸ ਵਿੱਚ ਗ੍ਰਿਫ਼ਤਾਰੀ ਨਹੀਂ ਦਿਖਾਈ ਗਈ ਸੀ। ਜਗਤਾਰ ਸਿੰਘ ਹਵਾਰਾ ਵੱਲੋਂ ਤਿਹਾੜ ਜੇਲ੍ਹ ’ਚੋਂ ਪੰਜਾਬ ਦੀ ਕਿਸੇ ਜੇਲ੍ਹ ’ਚ ਤਬਦੀਲ ਕਰਨ ਲਈ ਅਰਜ਼ੀ ਦਾਇਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲੀਸ ਮੁਖੀ ਨੇ ਉਸ ਖ਼ਿਲਾਫ਼ ਦਰਜ ਕੇਸਾਂ ਦੀ ਪੜਚੋਲ ਦੀਆਂ ਹਦਾਇਤਾਂ ਦਿੱਤੀਆਂ ਤਾਂ ਇਹ ਦੱਬੀ ਪਈ ਫ਼ਾਈਲ ਵੀ ਖੋਲ੍ਹੀ ਗਈ। ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਥਾਣਾ ਬੱਧਨੀ ਕਲਾਂ ਪੁਲੀਸ ਨੇ ਹਵਾਰਾ ਦੀ ਜੇਲ੍ਹ ’ਚ ਹੀ ਗ੍ਰਿਫ਼ਤਾਰੀ ਦਿਖਾ ਦਿੱਤੀ ਸੀ ਅਤੇ ਹੁਣ ਉਸ ਖ਼ਿਲਾਫ਼ ਪੁਲੀਸ ਵੱਲੋਂ 17 ਨਵੰਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਜਾਣਾ ਹੈ।