ਬਠਿੰਡਾ, ਬਠਿੰਡਾ ਪੁਲੀਸ ਨੇ ਡੇਰਾ ਮੁਖੀ ਦੇ ਵਿਵਾਦਤ ਚੋਲੇ ਤੋਂ ਅੱਖਾਂ ਮੀਟ ਲਈਆਂ ਹਨ। ਦੂਜੇ ਪਾਸੇ, ਡੇਰਾ ਮੁਖੀ ਨੇ ਵੀ ਇਸ ਚੋਲੇ ਤੋਂ ਪਾਸਾ ਵੱਟ ਲਿਆ ਹੈ। ਕੋਤਵਾਲੀ ਪੁਲੀਸ ਨੂੰ ਮਾਮਲਾ ਖ਼ਤਮ ਹੋਣ ਦੇ ਬਾਵਜੂਦ ਇਹ ਚੋਲਾ ਸੰਭਾਲਣਾ ਪੈ ਰਿਹਾ ਹੈ। ਡੇਰਾ ਮੁਖੀ ਹੁਣ ਸਜ਼ਾ ਮਗਰੋਂ ਰੋਹਤਕ ਜੇਲ੍ਹ ਵਿੱਚ ਬੰਦ ਹੈ। ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਪੁਲੀਸ ਹੁਣ ਡੇਰਾ ਮੁਖੀ ਦੇ ਚੋਲੇ ਬਾਰੇ ਫ਼ੈਸਲਾ ਲੈ ਸਕਦੀ ਹੈ। ਡੇਰਾ ਮੁਖੀ ਦਾ ਇਹ ਚੋਲਾ ਹੀ ਸਭ ਵਿਵਾਦਾਂ ਦੀ ਜੜ੍ਹ ਬਣਿਆ, ਜਿਸਨੂੰ ਪਹਿਨ ਕੇ ਡੇਰਾ ਮੁਖੀ ਨੇ ਕਰੀਬ 12 ਸਾਲ ਪਹਿਲਾਂ ਡੇਰਾ ਸਲਾਬਤਪੁਰਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ। ਹੁਣ ਇਹ ਚੋਲਾ ਚਿੱਟੇ ਲੱਠੇ ਵਿੱਚ ਲਪੇਟ ਕੇ ਥਾਣਾ ਕੋਤਵਾਲੀ ਦੇ ਮਾਲਖ਼ਾਨੇ ਵਿੱਚ ਰੱਖਿਆ ਹੋਇਆ ਹੈ। ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੱਧੂ ਦੀ ਸ਼ਿਕਾਇਤ ’ਤੇ ਡੇਰਾ ਮੁਖੀ ਖ਼ਿਲਾਫ਼ 20 ਮਈ 2007 ਨੂੰ ਧਾਰਾ 295 ਏ, 298 ਤੇ 153 ਤਹਿਤ ਕੇਸ ਦਰਜ ਹੋਇਆ ਸੀ ਜਿਨ੍ਹਾਂ ਇਹ ਵਿਵਾਦੀ ਚੋਲਾ ਨਸ਼ਟ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਪੁਲੀਸ ਨੇ ਅਸੈਂਬਲੀ ਚੋਣਾਂ 2012 ਤੋਂ ਪਹਿਲਾਂ 24 ਜਨਵਰੀ 2012 ਨੂੰ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਖਾਰਜ ਕਰਾਉਣ ਵਾਸਤੇ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੀ ਸੀ ਜਿਸ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਸਵੀਕਾਰ ਨਹੀਂ ਕੀਤਾ ਸੀ। ਹਾਈ ਕੋਰਟ ਦੀ ਹਦਾਇਤ ‘ਤੇ ਰੀਵਿਊ ਪਟੀਸ਼ਨ ਤਹਿਤ ਬਠਿੰਡਾ ਅਦਾਲਤ ਨੇ ਮੁੜ ਫ਼ੈਸਲਾ ਕਰਦਿਆਂ 7 ਅਗਸਤ 2014 ਨੂੰ ਕੈਂਸਲੇਸ਼ਨ ਰਿਪੋਰਟ ਸਵੀਕਾਰ ਕਰ ਲਈ ਸੀ। ਡੇਰਾ ਮੁਖੀ ’ਤੇ ਦਰਜ ਕੇਸ ਖ਼ਤਮ ਹੋ ਗਿਆ ਸੀ। ਉਦੋਂ ਦੇ ਡੀਐੱਸਪੀ (ਡੀ) ਸੁਰਿੰਦਰਪਾਲ ਸਿੰਘ ਜੋ ਕਿ ਹੁਣ ਐੱਸਪੀ (ਐੱਚ) ਵਜੋਂ ਬਰਨਾਲਾ ਵਿਖੇ ਤਾਇਨਾਤ ਹਨ, ਨੇ ਇਸ ਮਾਮਲੇ ਦੀ ਤਫ਼ਤੀਸ਼ ਦੌਰਾਨ ਡੇਰਾ ਮੁਖੀ ਤੋਂ ਇਹ ਚੋਲਾ ਪ੍ਰਾਪਤ ਕੀਤਾ ਸੀ। ਫੌਜਦਾਰੀ ਕੇਸਾਂ ਦੇ ਐਡਵੋਕੇਟ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਅਦਾਲਤ ’ਚੋਂ ਕੇਸ ਖਤਮ ਹੋਣ ਮਗਰੋਂ ਧਿਰਾਂ ਅਦਾਲਤ ਨੂੰ ਦਰਖਾਸਤ ਦੇ ਕੇ ਕੇਸ ਪ੍ਰਾਪਰਟੀ ਵਾਪਸ ਲੈ ਸਕਦੀਆਂ ਹਨ ਜਾਂ ਫਿਰ ਪੁਲੀਸ ਨਸ਼ਟ ਕਰ ਸਕਦੀ ਹੈ।
ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫ਼ਸਰ ਇੰਸਪੈਕਟਰ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੇਸ ਪ੍ਰਾਪਰਟੀ ਸਬੰਧੀ ਉਦੋਂ ਹੀ ਅਦਾਲਤ ਵੱਲੋਂ ਹੁਕਮਾਂ ਵਿੱਚ ਲਿਖਿਆ ਜਾਂਦਾ ਹੈ ਪਰ ਉਨ੍ਹਾਂ ਜੱਜਮੈਂਟ ਪੜ੍ਹੀ ਨਹੀਂ ਹੈ ਅਤੇ ਨਾ ਹੀ ਚੋਲਾ ਨਸ਼ਟ ਕੀਤਾ ਹੈ।
ਪੁਲੀਸ ਸੂਤਰ ਆਖਦੇ ਹਨ ਕਿ ਡੇਰਾ ਮੁਖੀ ਦਾ ਚੋਲਾ ਪੁਲੀਸ ਲਈ ਸਿਰਦਰਦੀ ਬਣਿਆ ਹੋਇਆ ਹੈ। ਐਸ.ਐਸ.ਪੀ. ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਕੇਸ ਸਮਾਪਤੀ ਮਗਰੋਂ ਕੋਈ ਵੀ ਧਿਰ ਕੇਸ ਪ੍ਰਾਪਰਟੀ ਵਜੋਂ ਪਏ ਚੋਲੇ ਨੂੰ ਲੈਣ ਲਈ ਨਹੀਂ ਆਈ ਅਤੇ ਉਨ੍ਹਾਂ ਨੇ ਵੀ ਜੱਜਮੈਂਟ ਨਹੀਂ ਵੇਖੀ ਹੈ। ਇਸੇ ਤਰ੍ਹਾਂ ਬਠਿੰਡਾ ਜ਼ੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਪਤਾ ਕਰਕੇ ਹੀ ਕੁਝ ਦੱਸ ਸਕਣਗੇ।