ਚੰਡੀਗੜ੍ਹ, 6 ਨਵੰਬਰ
ਹਿਮਾਚਲ ਪ੍ਰਦੇਸ਼ ’ਚ ਅੱਜ ਮੰਡੀ ਜ਼ਿਲ੍ਹੇ ਦੇ ਨਾਚਨ ਵਿਧਾਨ ਸਭਾ ਹਲਕੇ ਦੇ ਪਿੰਡ ਕਨੈੜ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਕਹਿਣ ਅਨੁਸਾਰ ਜੇਕਰ ਕਾਂਗਰਸ ‘ਸਿਉਂਕ’ ਹੁੰਦੀ ਤਾਂ ਹੁਣ ਤਕ ਦੇਸ਼ ਨੇ ਬਰਬਾਦ ਹੋ ਜਾਣਾ ਸੀ ਪਰ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸ੍ਰੀ ਮੋਦੀ ਦੇ ਇਸ ਦਾਅਵੇ ’ਚ ਕੋਈ ਦਮ ਨਹੀਂ ਹੈ। ਸ੍ਰੀ ਮੋਦੀ ਦੇ ਬਿਆਨਾਂ ’ਚੋਂ ਨਿਰਾਸ਼ਾ ਝਲਕਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲਿਆਂ ਖਾਸ ਕਰਕੇ ਨੋਟਬੰਦੀ ਤੇ ਜੀਐਸਟੀ ਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ। ਨੋਟਬੰਦੀ ਲਾਗੂ ਕੀਤੇ ਜਾਣ ਬਾਅਦ ਲੋਕਾਂ ਕੋਲ ਚਾਹ ਦਾ ਕੱਪ ਪੀਣ ਲਈ ਪੈਸੇ ਨਹੀਂ ਸਨ। ਜੀਐਸਟੀ ਨੇ ਸੂਬਿਆਂ ਦੀ ਅਜਿਹੀ ਹਾਲਤ ਬਣਾ ਦਿੱਤੀ ਹੈ ਕਿ ਉਨ੍ਹਾਂ ਕੋਲ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਲਈ ਕੋਈ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਬੇਵਜ੍ਹਾ ਗੇੜੇ ਮਾਰ ਰਹੇ ਹਨ ਪਰ ਦੇਸ਼ ਭਰ ਵਿੱਚ ਭਾਜਪਾ ਵਿਰੋਧੀ ਲਹਿਰ ਚੱਲ ਪਈ ਹੈ ਅਤੇ ਉਹ ਆਪਣਾ ਵਕਤ ਗੁਆ ਰਹੇ ਹਨ। ਕਾਂਗੜਾ ਤੇ ਮੰਡੀ ਜ਼ਿਲ੍ਹਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਜਾਨਦਾਰ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਭਲਾਈ ਸਕੀਮਾਂ ਦਾ ਹੇਠਲੇ ਪੱਧਰ ਤਕ ਲੋਕਾਂ ਨੂੰ ਲਾਭ ਮਿਲਿਆ ਹੈ ਅਤੇ ਛੋਟੇ ਸੂਬਿਆਂ ’ਚ ਲੋਕਾਂ ਨੂੰ ਸ਼ਾਸਨ ਦੇ ਮਾਮਲੇ ਵਿੱਚ ਹਿਮਾਚਲ ਮੋਹਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਵੱਲੋਂ ਸ੍ਰੀ ਵੀਰਭੱਦਰ ਨੂੰ ਘੇਰਨ ਦੇ ਬਾਵਜੂਦ ਉਨ੍ਹਾਂ ਨੇ ਹਿਮਾਚਲ ਦੇ ਵਿਕਾਸ ’ਚ ਕੋਈ ਘਾਟ ਨਹੀਂ ਰਹਿਣ ਦਿੱਤੀ। ਕੈਪਟਨ ਅਗਲੇ ਦੋ ਦਿਨ ਨੂਰਪੁਰ, ਨਾਲਾਗੜ੍ਹ ਅਤੇ ਹੋਰ ਹਲਕਿਆਂ ਵਿੱਚ ਕਾਂਗਰਸ ਦੇ ਹੱਕ ’ਚ ਪ੍ਰਚਾਰ ਕਰਨਗੇ।