ਲੁਧਿਆਣਾ, 13 ਦਸੰਬਰ
ਲੋਕ ਇਨਸਾਫ਼ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਲੜਨ ਦੇ ਇੱਛੁਕ ਵਿਅਕਤੀਆਂ ਤੋਂ ਅਰਜ਼ੀਆਂ ਮੰਗੀਆਂ ਹਨ ਤੇ ਅਰਜ਼ੀਆਂ ਦੇਣ ਵਾਲਿਆਂ ਦੀ ਸਕਰੀਨਿੰਗ ਲਈ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਅਪਲਾਈ ਕਰਨ ਵਾਲਿਆਂ ਤੋਂ ਪੁੱਛਗਿੱਛ ਕਰ ਕੇ ਰਿਪੋਰਟ ਹਾਈਕਮਾਂਡ ਨੂੰ ਦੇਵੇਗੀ। ਇਸ ਤੋਂ ਬਾਅਦ ਹੀ ਪਾਰਟੀ ਟਿਕਟ ਦਿੱਤੀ ਜਾਵੇਗੀ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੜਤਾਲੀਆ ਕਮੇਟੀ ਵਿੱਚ ਵਿਧਾਨ ਸਭਾ ਹਲਕਾ ਪੂਰਬੀ ਤੋਂ ਸੁਰਿੰਦਰ ਸਿੰਘ ਗਰੇਵਾਲ, ਦੱਖਣੀ ਤੋਂ ਬਲਜੀਤ ਸਿੰਘ ਮਾਨ, ਆਤਮ ਨਗਰ ਤੋਂ ਗੁਰਨੀਤ ਪਾਲ ਸਿੰਘ ਪਾਹਵਾ, ਪੱਛਮੀ ਤੋਂ ਪਰਮਿੰਦਰ ਸਿੰਘ ਗਰੇਵਾਲ, ਕੇਂਦਰੀ ਤੋਂ ਵਿਪਨ ਸੂਦ ਕਾਕਾ ਤੇ ਉੱਤਰੀ ਤੋਂ ਰਣਧੀਰ ਸਿੰਘ ਸਿਬੀਆ ਸਮੇਤ ਲੋਕ ਇਨਸਾਫ਼ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਸ਼ਸ਼ੀ ਮਲਹੋਤਰਾ ਨੂੰ ਸ਼ਾਮਲ ਕੀਤਾ ਗਿਆ ਹੈ। ਬੈਂਸ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਦੋ ਦਿਨ ਪਹਿਲਾਂ ਤੱਕ ਅਰਜ਼ੀਆਂ ਲਈਆਂ ਜਾਣਗੀਆਂ। ਸਾਫ਼ ਸੁਥਰੇ ਅਕਸ ਵਾਲਿਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਸ੍ਰੀ ਬੈਂਸ ਨੇ ਦਾਅਵਾ ਕੀਤਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕਈ ਆਗੂ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਪਰ ਚੋਣਾਂ ਦੌਰਾਨ ਇਮਾਨਦਾਰ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਵਾਲੇ ਆਗੂਆਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ। ਇਸ ਮੌਕੇ ਕੌਂਸਲਰ ਪਰਮਿੰਦਰ ਸਿੰਘ ਸੋਮਾ, ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਜਤਿੰਦਰ ਪਾਲ ਸਿੰਘ ਸਲੂਜਾ, ਜਸਵਿੰਦਰ ਸਿੰਘ ਰਾਜਾ ਤੇ ਗੁਰਮੀਤ ਸਿੰਘ ਮੁੰਡੀਆਂ ਵੀ ਹਾਜ਼ਰ ਸਨ।

‘ਸੁਖਬੀਰ ਤੇ ਕੈਪਟਨ ਆਪਸ ’ਚ ਮਿਲੇ’ 
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਡਿੱਗਦੇ ਗ੍ਰਾਫ਼ ਨੂੰ ਬਚਾਉਣ ਲਈ ਸੁਖਬੀਰ ਤੇ ਕੈਪਟਨ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰਨਾ, ਫਿਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਧਰਨੇ ਦੇਣਾ, ਕਾਂਗਰਸ ਵੱਲੋਂ ਧਰਾਵਾਂ ਹਟਾਉਣਾ ਤੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਅਤੇ ਸੁਖਬੀਰ ਬਾਦਲ ਵੱਲੋਂ ਗ੍ਰਿਫ਼ਤਾਰੀ ਲਈ ਧਮਕੀਆਂ ਦੇਣ ਤੋਂ ਸਪੱਸ਼ਟ ਕਿ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਯੋਜਨਾ ਤਹਿਤ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।