ਪਟਿਆਲਾ, 4 ਅਕਤੂਬਰ
ਨਾਭਾ ਜੇਲ੍ਹ ਕਾਂਡ ਨਾਲ ਸਬੰਧਤ ਕੇਸ ਦੀ ਸੁਣਵਾਈ ਲਈ ਸਾਰੇ 26 ਮੁਲਜ਼ਮਾਂ ਨੂੰ ਪੁਲੀਸ ਨੇ ਅੱਜ ਇੱਥੇ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿੱਚ ਪੇਸ਼ ਕੀਤਾ| ਪੇਸ਼ੀ ਦੇ ਮੱਦੇਨਜ਼ਰ ਕੋਰਟ ਕੰਪਲੈਕਸ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਅੱਜ ਅਦਾਲਤੀ ਕਾਰਵਾਈ ਦੌਰਾਨ ਅਮਨ ਢੋਟੀਆਂ, ਵਰਿੰਦਰ ਸਿੰਘ ਤੇ ਰਵਿੰਦਰ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ, ਜਦੋਂਕਿ ਕਈਆਂ ਖ਼ਿਲਾਫ਼ ਪਹਿਲਾਂ ਹੀ ਇਹ ਕਾਰਵਾਈ ਕੀਤੀ ਜਾ ਚੁੱਕੀ  ਹੈ|
ਅੱਜ  ਅਦਾਲਤ ਵਿੱਚ ਹਰਮਿੰਦਰ ਸਿੰਘ ਮਿੰਟੂ, ਪਲਵਿੰਦਰ ਸਿੰਘ ਪਿੰਦਾ, ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਸਿੰਘ ਨੀਟਾ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ, ਜਗਤਵੀਰ ਸਿੰਘ, ਨਰੇਸ਼ ਨੌਰੰਗ, ਚੰਨਪ੍ਰੀਤ ਸਿੰਘ, ਹਰਜੋਤ ਸਿੰਘ, ਰਣਜੀਤ ਸਿੰਘ, ਮੁਹੰਮਦ ਆਸਣ ਤੇ ਸੁਨੀਲ ਕਾਲੜਾ ਸਮੇਤ ਬਰਖ਼ਾਸਤ ਜੇਲ੍ਹ ਅਧਿਕਾਰੀ ਭੀਮ ਸਿੰਘ, ਜੇਲ੍ਹ ਵਾਰਡਨ ਜਗਮੀਤ ਸਿੰਘ ਤੇ ਕੰਟੀਨ ਮਾਲਕ ਤੇਜਿੰਦਰ ਹੈਪੀ ਨੂੰ ਪੇਸ਼ ਕੀਤਾ ਗਿਆ|  ਕੇਸ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ| ਦੱਸਣਯੋਗ ਹੈ ਕਿ ਨਾਭਾ ਜੇਲ੍ਹ ਕਾਂਡ 27 ਨਵੰਬਰ 2016 ਨੂੰ ਵਾਪਰਿਆ ਸੀ। ਉਦੋਂ ਹਥਿਆਰਬੰਦ ਗੈਂਗਸਟਰ  ਨਾਭਾ ਜੇਲ੍ਹ ਵਿੱਚੋਂ 6 ਕੈਦੀਆਂ ਨੂੰ ਛੁਡਾ ਕੇ ਲੈ  ਗਏ ਸਨ| ਇਨ੍ਹਾਂ ਵਿੱਚੋਂ ਖਾੜਕੂ ਹਰਮਿੰਦਰ ਸਿੰਘ ਮਿੰਟੂ, ਗੈਂਗਸਟਰ ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਤੇ ਅਮਨ ਢੋਟੀਆਂ ਤਾਂ ਫੜੇ ਜਾ ਚੁੱੱਕੇ ਹਨ, ਪਰ ਗੈਂਗਸਟਰ ਵਿੱਕੀ ਗੌਂਡਰ ਤੇ ਕਸ਼ਮੀਰਾ ਸਿੰਘ ਗਲਵੱਡੀ ਅਜੇ ਵੀ ਫ਼ਰਾਰ ਹਨ|