ਚੰਡੀਗੜ੍ਹ- ਖੁਦ ਨਸ਼ਾ ਤਸਕਰੀ ਮਾਮਲੇ ‘ਚ ਫਸੇ ਸੁਖਪਾਲ ਖਹਿਰਾ ਨੇ ਨਸ਼ਾ ਮਾਮਲੇ ਨੂੰ ਲੈ ਕੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਦੇ ਖਿਲਾਫ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਖਹਿਰਾ ਮੁਤਾਬਕ ਮਜੀਠੀਆ ਦੇ ਅੰਤਰਰਾਸ਼ਟਰੀ ਸਮੱਗਲਰ ਸਤਪ੍ਰੀਤ ਸੱਤਾ ਤੇ ਬਿੱਟੂ ਔਲਖ ਨਾਲ ਸਬੰਧ ਹਨ। ਖਹਿਰਾ ਨੇ ਕੁਝ ਤਸਵੀਰਾਂ ਵੀ ਮੀਡੀਆ ਦੇ ਸਾਹਮਣੇ ਰੱਖੀਆਂ ਹਨ, ਜਿਨ੍ਹਾਂ ਦੇ ਅਧਾਰ ‘ਤੇ ਉਨ੍ਹਾਂ ਨਸ਼ਾ ਤਸਕਰਾਂ ਨਾਲ ਮਜੀਠੀਆ ਦੇ ਗੂੜੇ ਸਬੰਧ ਹੋਣ ਦਾ ਖੁਲਾਸਾ ਕੀਤਾ ਹੈ।
ਖਹਿਰਾ ਦਾ ਕਹਿਣਾ ਹੈ ਕਿ ਕਾਲ ਡਿਟੇਲ ਦੇ ਆਧਾਰ ‘ਤੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪਰ ਮਜੀਠੀਆ ਦੇ ਖਿਲਾਫ ਪੁਖਤਾ ਸਬੂਤ ਹੋਣ ‘ਤੇ ਵੀ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ। ਖਹਿਰਾ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਨ ਵਾਲਿਆਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨ ਦੀ ਗੱਲ ਆਖੀ ਹੈ।