ਮਾਨਸਾ, ਦਿਆਲ ਸਿੰਘ ਮਜੀਠੀਆ ਕਾਲਜ, ਨਵੀਂ ਦਿੱਲੀ ਦਾ ਨਾਂ ਬਦਲਕੇ ‘ਵੰਦੇ ਮਾਤਰਮ’ ਰੱਖਣ ਦੇ ਫ਼ੈਸਲੇ ‘ਤੇ ਸਖ਼ਤ ਟਿੱਪਣੀ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵੰਦੇ ਮਾਤਰਮ ਸ਼ਬਦ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਿਰੋਧ ਨਹੀਂ ਹੈ ਪਰ ਦਿਆਲ ਸਿੰਘ ਮਜੀਠੀਆ ਦੇ ਨਾਂ ’ਤੇ ਚੱਲ ਰਹੇ ਕਾਲਜ ਦਾ ਨਾਂ ਬਦਲਣਾ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਜਦੋਂਕਿ ਗੁਆਂਢੀ ਮੁਲਕ ਪਾਕਿਸਤਾਨ (ਲਾਹੌਰ) ’ਚ ਆਦਰ ਸਹਿਤ ਦਿਆਲ ਸਿੰਘ ਮਜੀਠੀਆ ਦੇ ਨਾਂ ‘ਤੇ ਕਾਲਜ ਚੱਲ ਰਿਹਾ ਹੈ। ਪਰ ਭਾਰਤ ’ਚ ਇਸ ਕਾਲਜ ਦੇ ਚੇਅਰਮੈਨ ਵੱਲੋਂ ਬਿਨਾਂ ਵਜ੍ਹਾ ਕਾਲਜ ਦਾ ਨਾਂ ਬਦਲਕੇ ਹਿੰਦੂ-ਸਿੱਖ ਏਕਤਾ ਦੋਫਾੜ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਬਾਰੇ ਉਹ ਜਲਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਇਸ ਕਾਲਜ ਦਾ ਨਾਂ ਬਦਲਣ ਵਾਲੇ ਫ਼ੈਸਲੇ ਦਾ ਵਿਰੋਧ ਕਰ ਚੁੱਕੇ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਨੂੰ ਸਾਂਭਣ ਦਾ ਮੁੱਦਾ ਹੈ, ਜਿਨ੍ਹਾਂ ਨੇ ‘ਦਿ ਟ੍ਰਿਬਿਊਨ’ ਵਰਗੇ ਅਦਾਰੇ ਦੇਸ਼ ਨੂੰ ਦਿੱਤੇ ਹਨ। ਕੇਂਦਰੀ ਮੰਤਰੀ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਅਤੇ ਫਫੜੇ ਭਾਈਕੇ ’ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਦੱਸਣਯੋਗ ਹੈ ਕਿ ਹਰਸਿਮਰਤ ਬਾਦਲ ਨੇ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਪੱਤਰ ਵਿੱਚ ਅਫਸੋਸ ਪ੍ਰਗਟਾਇਆ ਕਿ ਦਿਆਲ ਸਿੰਘ ਮਜੀਠੀਆ ਦੀ ਸਮਾਜ ਨੂੰ ਦੇਣ ਸਾਹਮਣੇ ਲਿਆਉਣ ਬਜਾਏ ਉਨ੍ਹਾਂ ਦੇ ਨਾਂ ’ਤੇ ਚੱਲ ਰਹੇ ਕਾਲਜ ਦਾ ਨਾਂ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਲਈ ਆਪਣਾ ਸਭ ਕੁੱਝ ਵਾਰਨ ਵਾਲੇ ਇਸ ਮਹਾਨ ਸ਼ਖ਼ਸ ਨਾਲ ਇਹ ਬੇਇਨਸਾਫ਼ੀ ਹੋਵੇਗੀ।