ਅੰਮ੍ਰਿਤਸਰ, 27 ਨਵੰਬਰ
ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਦਿਆਲ ਸਿੰਘ ਕਾਲਜ ਦਾ ਨਾਂ ਬਦਲੇ ਜਾਣ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਖਿਆ ਕਿ ਇਸ ਨੂੰ ਸਿਆਸੀ ਮੁੱਦਾ ਬਣਾਉਣ ਦੀ ਥਾਂ ਸਿੱਖ ਮੁੱਦਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਂ ਕਿਉਂ ਬਦਲਿਆ ਜਾ ਰਿਹਾ ਹੈ, ਇਹ ਮਾਮਲਾ ਨਵਾਂ ਰੂਪ ਲੈ ਰਿਹਾ ਹੈ। ਇਸ ਮੁੱਦੇ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਹਿਸ ਵਾਸਤੇ ਚੁਣੌਤੀ ਦੇਣਾ ਅਜੀਬ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਬਹਿਸ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਪ੍ਰਬੰਧਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਹ ਇਹ ਨਾਂ ਕਿਉਂ ਬਦਲ ਰਹੇ ਹਨ, ਜਦੋਂਕਿ ਦੂਜਾ ਨਾਂ ਵੰਦੇ ਮਾਤਰਮ ਪਹਿਲਾਂ ਹੀ ਵਿਵਾਦਗ੍ਰਸਤ ਹੈ। ਇਸ ਦੇ ਗਾਇਨ ’ਤੇ ਮੁਸਲਮਾਨ ਭਾਈਚਾਰਾ ਪਹਿਲਾਂ ਹੀ ਬੜੇ ਸਖ਼ਤ ਇਤਰਾਜ਼ ਉਠਾ ਚੁੱਕਿਆ ਹੈ। ਇਸ ਲਫ਼ਜ਼ ਨੇ ਅੱਜ ਹੀ ਨਹੀਂ, ਸਗੋਂ 1930ਵੇਂ ਦੇ ਦਹਾਕੇ ਵਿੱਚ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਵਿੱਚ ਵੀ ਵਿਵਾਦ ਖੜ੍ਹਾ ਕੀਤਾ ਸੀ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਸੁਝਾਅ ਦਿੱਤਾ ਹੈ ਕਿ ਇਸ ਨੂੰ ਸਿਰਫ਼ ਅਕਾਲੀ ਦਲ ਜਾਂ ਸਿਆਸੀ ਮਸਲਾ ਸਮਝ ਕੇ ਨਾ ਚੁੱਕਣ, ਸਗੋਂ ਸਮੁਚੇ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਇਸ ਮਸਲੇ ਨੂੰ ਹੱਲ ਕਰਾਉਣ।