ਨਵੀਂ ਦਿੱਲੀ, 20 ਨਵੰਬਰ
ਦਿੱਲੀ ਯੂਨੀਵਰਸਿਟੀ ਦੇ ਪਹਿਲੇ ਈਵਨਿੰਗ ਕਾਲਜ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਾ’ ਰੱਖਣ ਦਾ ਭਾਜਪਾ ਗੱਠਜੋੜ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸਣੇ ਦਿੱਲੀ ਦੇ ਸਿੱਖਾਂ ਦੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਹੋਰ ਧਿਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਭਾਜਪਾ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਲਜ ਦੇ ਨਾਂ ਦੀ ਇਹ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਲੋੜ ਪਈ ਤਾਂ ਹਰ ਪੱਧਰ ’ਤੇ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਨਾਂ ਦਾ ਵਿਰੋਧ ਨਹੀਂ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਆਲ ਸਿੰਘ ਵੱਲੋਂ ਸਮਾਜ ਨੂੰ ਦਿੱਤੀ ਦੇਣ ਨੂੰ ਯਾਦ ਰੱਖਣ ਲਈ ਉਨ੍ਹਾਂ ਦੇ ਨਾਂ ਦਾ ਕਾਲਜ ਕਾਇਮ ਰਹਿਣਾ ਚਾਹੀਦਾ ਹੈ।  ਮਾਤਾ ਬੇਅੰਤ ਕੌਰ ਐਜੂਕੇਸ਼ਨ ਤੇ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖੁਰਾਣਾ (ਸਰਪ੍ਰਸਤ ਪੰਥਕ ਸੇਵਾ ਦਲ) ਨੇ ਕਿਹਾ ਕਿ ਸਰਕਾਰ ਘੱਟਗਿਣਤੀਆਂ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ  ਤੇ ਹੋਰ ਥਾਵਾਂ ਦੇ ਨਾਵਾਂ ਦਾ ਹਿੰਦੂਕਰਨ ਕਰਨ ’ਤੇ ਤੁਲੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਵੀ ਦਿੱਲੀ ਯੂਨੀਵਰਸਿਟੀ ਦੇ ਕਾਲਜ ਤੋਂ ਸਿੱਖ ਵਿਦਵਾਨ ਦਿਆਲ ਸਿੰਘ ਮਜੀਠੀਆ ਦਾ ਨਾਂ ਖਤਮ ਕਰਨ ਦੇ ਯਤਨਾਂ ਦੀ ਸਖਤ ਨਿੰਦਾ ਕੀਤੀ।
ਸ਼੍ਰੋਮਣੀ ਕਮੇਟੀ ਨੇ ਵੀ ਜਤਾਇਆ ਇਤਰਾਜ਼: ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਵੀਂ ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਇਤਿਹਾਸਕ ਵਿਰਾਸਤ ਦਾ ਖਾਤਮਾ ਹੁੰਦਾ ਹੋਵੇ। ਉਨ੍ਹਾਂ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਇਸ ਫ਼ੈਸਲੇ ਨੂੰ ਗ਼ਲਤ ਕਰਾਰ ਦਿੰਦਿਆਂ ਇਸ ’ਤੇ ਮੁੜ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਦਿਆਲ ਸਿੰਘ ਕਾਲਜ ਦੀ ਹੋਂਦ ਖਤਮ ਕਰਨ ਦੀ ਥਾਂ ਹੋਰ ਨਵੀਂ ਇਮਾਰਤ ਉਸਾਰ ਕੇ ਉਸ ਦਾ ਨਾਂ ਜੋ ਮਰਜ਼ੀ ਰੱਖਿਆ ਜਾਂਦਾ ਤਾਂ ਕੋਈ ਇਤਰਾਜ਼ ਵਾਲੀ ਗੱਲ ਨਹੀਂ ਸੀ।