ਚੰਡੀਗੜ੍ਹ, 22 ਨਵੰਬਰ
ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗੀ ਅਧਿਕਾਰੀਆਂ ਨੂੰ ਕੰਮ ਦੀ ਮੁੜ ਵੰਡ ਸਬੰਧੀ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਜੀ. ਵਜਰਾਲਿੰਗਮ ਵੱਲੋਂ ਹਾਲਹੀ ਵਿੱਚ ਜਾਰੀ ਕੀਤੇ ਹੁਕਮ ਵਾਪਸ ਲੈ ਲਏ ਹਨ। ਇਨ੍ਹਾਂ ਹੁਕਮਾਂ ਕਾਰਨ ਸੀਨੀਅਰ ਆਈਏਐਸ ਅਧਿਕਾਰੀ ਵੱਲੋਂ ਪ੍ਰੋਟੋਕੋਲ ਦੀ ‘ਉਲੰਘਣਾ’ ਕੀਤੇ ਜਾਣ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਸੀ। ਸ੍ਰੀ ਚੰਨੀ ਇਸ ਗੱਲੋਂ ਖਫ਼ਾ ਸਨ ਕਿ ਸ੍ਰੀ ਵਜਰਾਲਿੰਗਮ ਨੇ ਉਨ੍ਹਾਂ ਨੂੰ ‘ਭਰੋਸੇ’ ਵਿੱਚ ਲਏ ਬਿਨਾਂ ਇਹ ਹੁਕਮ ਜਾਰੀ ਕਰ ਦਿੱਤੇ ਸਨ। ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਕੰਮ ਦੀ ਵੰਡ ਸਬੰਧੀ ਪੁਰਾਣੇ ਹੁਕਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਵਜਰਾਲਿੰਗਮ ਇਸ ਵੇਲੇ ਸਿੱਖਿਆ ਸੰਸਥਾਵਾਂ ਸਬੰਧੀ ਰੈਗੂਲੇਟਰੀ ਬਾਡੀ ਦੇ ਮਾਡਲ ਦੇ ਅਧਿਐਨ ਸਬੰਧੀ ਅਧਿਕਾਰਤ ਟੂਰ ਉੱਤੇ ਹਨ ਤੇ ਮੰਤਰੀ ਨੇ ਉਨ੍ਹਾਂ (ਵਜਰਾਲਿੰਗਮ) ਵੱਲੋਂ ਜਾਰੀ ਹੁਕਮਾਂ ’ਤੇ ਰੋਕ ਲਾਉਂਦਿਆਂ ਨਵੇਂ ਹੁਕਮ ਜਾਰੀ ਕੀਤੇ ਹਨ। ਨਵੇਂ ਹੁਕਮਾਂ ਤਹਿਤ ਤਕਨੀਕੀ ਸਿੱਖਿਆ ਦੇ ਡਾਇਰੈਕਟਰ ਪਰਵੀਨ ਥਿੰਦ ਵੱਲੋਂ ਚਾਰ ਮਹੀਨੇ ਪਹਿਲਾਂ ਜਾਰੀ  ਹੁਕਮ ਲਾਗੂ ਕੀਤੇ ਗਏ ਹਨ। ਸੂਤਰਾਂ ਮੁਤਾਬਕ ਵਿਭਾਗੀ ਅਧਿਕਾਰੀਆਂ ਵਿਚਲੀ ਫੁੱਟ ਕਾਰਨ ਕੰਮ ਦੀ ਨਵੇਂ ਸਿਰਿਓਂ ਵੰਡ ਕੀਤੀ ਗਈ ਸੀ। ਮੰਤਰੀ ਨੇ ਅੱਜ ਜਾਰੀਹੁਕਮਾਂ ਵਿੱਚ ਇਹ ਗੱਲ ਵਿਸ਼ੇਸ਼ ਤੌਰ ’ਤੇ ਉਭਾਰੀ ਕਿ ਚਾਰ ਮਹੀਨੇ ਪੁਰਾਣੇ ਹੁਕਮ ਵਿਸਥਾਰ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਜਾਰੀ ਕੀਤੇ ਸਨ। ਕਾਬਲੇਗ਼ੌਰ ਹੈ ਕਿ ਸ੍ਰੀ ਵਜਰਾਲਿੰਗਮ ਨੇ ਜਿਹੜੇ ਹੁਕਮ ਜਾਰੀ ਕੀਤੇ ਸਨ, ਉਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੌਲੀਟੈਕਨਿਕਾਂ ਅਤੇ ਆਈਟੀਆਈਜ਼ ਦੇ ਕੰਮਾਂ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਜਿਹੜੇ ਅਧਿਕਾਰੀਆਂ ਨੂੰ ਮਾਮਲਿਆਂ ਬਾਰੇ ਜਾਣਕਾਰੀ ਹੈ ਉਨ੍ਹਾਂ ਤੋਂ ਚਾਰਚ ਲੈ ਲਿਆ ਗਿਆ ਹੈ ਤੇ ਨਵਿਆਂ ਨੂੰ ਮਾਮਲਿਆਂ ਬਾਰੇ ਪਤਾ ਨਹੀਂ ਹੈ।