ਸਿਰਸਾ, 8 ਸਤੰਬਰ
ਡੇਰਾ ਸਿਰਸਾ ਦੀ ਤਲਾਸ਼ੀ ਮੁਹਿੰਮ ਦੀ ਅਗਵਾਈ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਕੋਰਟ ਕਮਿਸ਼ਨਰ ਅਨਿਲ ਕੁਮਾਰ ਸਿੰਘ ਪਵਾਰ ਅੱਜ ਸਿਰਸਾ ਦੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਪੁੱਜੇ। ਇੱਥੇ ਫੈਕਲਿਟੀ ਹਾਉਸ ਵਿੱਚ ਉਨ੍ਹਾਂ ਤਲਾਸ਼ੀ ਲਈ ਤਾਇਨਾਤ ਕੀਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਤਲਾਸ਼ੀ ਮੁਹਿੰਮ ਦੇ ਹਰ ਪਹਿਲੂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਹਿਸਾਰ ਰੇਂਜ ਦੇ ਪੁਲੀਸ ਆਈ.ਜੀ. ਅਮਿਤਾਭ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ, ਜ਼ਿਲ੍ਹਾ ਪੁਲੀਸ ਮੁਖੀ ਅਸ਼ਵਿਨ ਸ਼ੈਣਵੀ ਤੋਂ ਇਲਾਵਾ ਪੰਜ ਸੀਨੀਅਰ ਆਈ.ਪੀ.ਐਸ. ਅਧਿਕਾਰੀ ਮੌਜੂਦ ਸਨ। ਡੇਰੇ ਦੀ ਤਲਾਸ਼ੀ ਤੋਂ ਪਹਿਲਾਂ ਹੀ ਪੂਰਾ ਸਿਰਸਾ ਸ਼ਹਿਰ ਛਾਉਣੀ ਵਿੱਚ ਬਦਲ ਗਿਆ ਹੈ। ਇਸ ਸਮੇਂ ਨੀਮ ਫੌਜੀ ਬਲਾਂ ਦੀਆਂ 41 ਕੰਪਨੀਆਂ ਤਾਇਨਾਤ ਕੀਤੀ ਗਈਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਕਮਾਂਡੋ ਦਸਤੇ ਵਾਲੀ ਸਵੈਟ ਅਤੇ ਇੱਕ ਬੰਬ ਨਿਰੋਧਕ ਟੀਮ ਵੀ ਤਾਇਨਾਤ ਹੈ। ਡਾਗ ਸਕੂਐਡ ਦੀਆਂ 9 ਟੀਮਾਂ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 7 ਹਜ਼ਾਰ ਤੋਂ ਜ਼ਿਆਦਾ ਪੁਲੀਸ ਜਵਾਨ ਸਿਰਸਾ ਸ਼ਹਿਰ ਵਿੱਚ ਤਾਇਨਾਤ ਕੀਤੇ ਗਏ ਹਨ।