ਚੰਡੀਗੜ੍ਹ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਬਾਅਦ ਹਰਿਆਣਾ ਸਰਕਾਰ ਨੇ ਡੇਰੇ ਦੇ ਨਾਂ ਦਰਜ ਜਾਇਦਾਦਾਂ ਦੀ ਸੂਚੀ ਤਿਆਰ ਕਰਨੀ  ਸ਼ੁਰੂ ਕਰ ਦਿੱਤੀ ਹੈ ਤਾਂ ਜੋ 25 ਅਗਸਤ ਨੂੰ ਪ੍ਰੇਮੀਆਂ ਵੱਲੋਂ ਜਨਤਕ ਤੇ ਨਿੱਜੀ ਸੰਪਤੀ ਦੀ ਕੀਤੀ ਭੰਨਤੋੜ ਦੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਵਸੂਲੀ ਕੀਤੀ ਜਾ ਸਕੇ। ਸੂਤਰਾਂ ਮੁਤਾਬਕ ਸਰਕਾਰ ਡੇਰੇ ਦੀ ਸੰਪਤੀ ਬਾਰੇ ਸੂਚੀ ਤਿਆਰ ਕਰਕੇ ਮੁਆਵਜ਼ੇ ਵਾਲੇ ਦਾਅਵਿਆਂ ਨਾਲ ਅਦਾਲਤ ’ਚ ਪੇਸ਼ ਕਰੇਗੀ। ਅਦਾਲਤ ਵੱਲੋਂ ਸਰਕਾਰ ਨੂੰ ਡੇਰੇ ਦੀ ਸੰਪਤੀ ਜ਼ਬਤ ਕਰਨ ਅਤੇ ਲੋਕਾਂ ਨੂੰ ਨੁਕਸਾਨ ਦਾ ਇਕ ਹਫ਼ਤੇ ਅੰਦਰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਨੀਮ ਫ਼ੌਜੀ ਦਸਤਿਆਂ ਦੀ ਤਾਇਨਾਤੀ ਕਾਰਨ ਪੁਲੀਸ ਵਿਭਾਗ ’ਤੇ ਪਏ ਵਿੱਤੀ ਬੋਝ ਦੀ ਡੇਰੇ ਤੋਂ ਵਸੂਲੀ ਕੀਤੀ ਜਾਵੇਗੀ।
ਅੰਬਾਲਾ ਰੇਲਵੇ ਡਿਵੀਜ਼ਨ ਨੇ ਰੇਲ ਗੱਡੀਆਂ ਰੱਦ ਹੋਣ ਤੇ ਹੋਰ ਨੁਕਸਾਨ ਲਈ 150 ਕਰੋੜ ਰੁਪਏ ਮੁਆਵਜ਼ੇ ਦੀ ਰਿਪੋਰਟ ਤਿਆਰ ਕੀਤੀ ਹੈ। ਰੇਲਵੇਜ ਦੀਆਂ ਸਾਰੀਆਂ ਡਿਵੀਜ਼ਨਾਂ ਦੇ ਨੁਕਸਾਨ ਨੂੰ ਜੋੜਨ ’ਤੇ ਇਹ ਰਾਸ਼ੀ 350 ਕਰੋੜ ਰੁਪਏ ਹੋ ਸਕਦੀ ਹੈ। ਹਰਿਆਣਾ ਰੋਡਵੇਜ਼, ਜਿਸ ਵੱਲੋਂ ਵੀ ਅਜਿਹੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਨੇ ਦਾਅਵਾ ਕੀਤਾ ਹੈ ਕਿ ਉਸ ਦਾ ਨੁਕਸਾਨ 50 ਲੱਖ ਪਾਰ ਕਰ ਸਕਦਾ ਹੈ।