ਬਠਿੰਡਾ, ਡੇਰਾ ਸਿਰਸਾ ਦੇ ਡੇਰਿਆਂ ਅਤੇ ਨਾਮ ਚਰਚਾ ਘਰਾਂ ਦੇ ਬਨੇਰਿਆਂ ’ਤੇ ਐਤਕੀਂ ਦੀਵਾਲ਼ੀ ਮੌਕੇ ਦੇ ਦੀਵੇ ਨਹੀਂ ਜਗਣਗੇ। ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਡੇਰਾ ਪ੍ਰੇਮੀਆਂ ਦੇ ਮਨ ਬੁਝੇ ਹੋਏ ਹਨ, ਜੋ ਘਰੀ ਵੀ ਦੀਵੇ ਨਹੀਂ ਬਾਲਣਗੇ। ਇਸ ਦਫ਼ਾ ਤਾਂ ਡੇਰਿਆਂ ’ਚ ਮਠਿਆਈ ਵੀ ਨਹੀਂ ਬਣੀ, ਜਿਥੇ ਦੀਵਾਲ਼ੀ ਤੋਂ ਹਫਤਾ ਪਹਿਲਾਂ ਵਿਕਰੀ ਸ਼ੁਰੂ ਹੋ ਜਾਂਦੀ ਸੀ। ਮੁੱਖ ਡੇਰਾ ਸਿਰਸਾ ਤੋਂ ਇਲਾਵਾ ਡੱਬਵਾਲੀ, ਬਠਿੰਡਾ ਅਤੇ ਸਲਾਬਤਪੁਰਾ ਸਥਿਤ ਡੇਰਿਆਂ ਦੀਆਂ ਕੰਟੀਨਾਂ ’ਚ ਦੀਵਾਲ਼ੀ ਮੌਕੇ ਵੱਡੀ ਪੱਧਰ ’ਤੇ ਮਠਿਆਈ ਬਣਦੀ ਸੀ ਤੇ ਡੇਰਾ ਪ੍ਰੇਮੀ ਇਥੋਂ ਹੀ ਮਠਿਆਈ ਖਰੀਦਦੇ ਸਨ।
ਪੰਜਾਬ ਵਿਚ ਡੇਰਾ ਸਿਰਸਾ ਦੇ ਕਰੀਬ 84 ਨਾਮ ਚਰਚਾ ਘਰ ਅਤੇ ਡੇਰੇ ਹਨ, ਜਿਨ੍ਹਾਂ ਦੀਆਂ ਕੰਟੀਨਾਂ ਕਾਫ਼ੀ ਸਮੇਂ ਤੋਂ ਬੰਦ ਹਨ।    ਪੰਚਕੂਲਾ ਤੇ ਪੰਜਾਬ ’ਚ ਹੋਈ ਹਿੰਸਾ ਕਾਰਨ ਪੰਜਾਬ ਦੀਆਂ ਜੇਲ੍ਹਾਂ ਵਿਚ ਕਰੀਬ 275 ਡੇਰਾ ਪ੍ਰੇਮੀ ਬੰਦ ਹਨ। ਇੱਕ ਪ੍ਰੇਮੀ ਮੁਤਾਬ ਪਿਛਲੀ ਦੀਵਾਲ਼ੀ ਤੋਂ ਪਹਿਲਾਂ ਡੇਰਾ ਮੁਖੀ ਨੇ ਸੰਦੇਸ਼ ਦਿੱਤਾ ਸੀ ਕਿ ਦੀਵਾਲੀ ਮੌਕੇ ਚੀਨ ਦੀਆਂ ਬਣੀਆਂ ਲੜੀਆਂ ਖਰੀਦਣ ਦੀ ਥਾਂ ਦੀਵੇ  ਹੀ ਬਾਲੇ ਜਾਣ। ਡੇਰਾ ਸਿਰਸਾ ਵਿਚ ਤਾਂ ਦੀਵਾਲ਼ੀ ਮੌਕੇ ਡੇਰਾ ਮੁਖੀ ਖੁਦ ਪ੍ਰਵਚਨ ਕਰਦਾ ਸੀ ਤੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਹੁੰਦੀ ਸੀ।
ਡੇਰ ਦੀ 45-ਮੈਂਬਰੀ ਕਮੇਟੀ ਦੇ ਇੱਕ ਮੈਂਬਰ ਦਾ ਕਹਿਣਾ ਸੀ: ‘‘ਸਾਡੀ ਕਾਹਦੀ ਦੀਵਾਲ਼ੀ, ਜਦੋਂ ਲੋਕ ਭਲਾਈ ਦੇ ਕੰਮਾਂ ਦਾ ਕਿਸੇ ਮੁੱਲ ਨਹੀਂ ਪਾਇਆ।’’ ਉਨ੍ਹਾਂ ਕਿਹਾ ਕਿ ਐਤਕੀਂ ਦੀਵਾਲ਼ੀ ਮਨਾਉਣ ਦਾ ਮੌਕਾ ਨਹੀਂ ਹੈ। ਨਾਮ ਚਰਚਾ ਘਰਾਂ ਦੇ ਬਨੇਰਿਆਂ ’ਤੇ ਕੋਈ ਦੀਵਾ ਨਹੀਂ ਬਾਲੇਗਾ। ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ ਦੇ ਅਦਾਰਿਆਂ ’ਤੇ ਵੀ ਦੀਪਮਾਲਾ ਹੁੰਦੀ ਸੀ, ਜੋ ਐਤਕੀਂ ਨਹੀਂ ਹੋਵੇਗੀ। ਜਾਣਕਾਰੀ ਮੁਤਾਬਕ ਦੀਵਾਲੀ ਮੌਕੇ ਹਨੀਪ੍ਰੀਤ ਦੀ ਵੀ ਮੁੱਖ ਭੂਮਿਕਾ ਹੁੰਦੀ ਸੀ, ਪਰ ਹੁਣ ਹਾਲਾਤ ਬਦਲੇ ਹੋਏ ਹਨ।

ਡੇਰਾ ਸਲਾਬਤਪੁਰਾ ’ਚ ਵੀ ਹੈ ਗੁਫਾ

ਡੇਰਾ ਸਲਾਬਤਪੁਰਾ ’ਚ ਵੀ ਡੇਰਾ ਮੁਖੀ ਦੀ ਇੱਕ ਗੁਫਾ ਹੈ, ਜਿਸ ਤੋਂ ਬਹੁਤੇ ਲੋਕ ਅਣਜਾਣ ਹਨ। ਇਹ ਗੁਫਾ ਵੀ ਦੀਵਾਲ਼ੀ ਮੌਕੇ ਹਨੇਰੀ ਰਹੇਗੀ। ਜਦੋਂ ਪੁਲੀਸ ਨੇ ਸਲਾਬਤਪੁਰਾ ਦੀ ਤਲਾਸ਼ੀ ਲਈ ਸੀ ਤਾਂ ਗੁਫਾ ਨੂੰ ਵੱਡਾ ਤਾਲਾ ਲੱਗਿਆ ਹੋਇਆ ਸੀ। ਤਲਾਸ਼ੀ ਲੈਣ ’ਤੇ ਗੁਫਾ ’ਚੋਂ ਕੁਝ ਅਸਲਾ ਮਿਲਿਆ ਸੀ। ਰਾਮ ਰਹੀਮ ਭਾਵੇਂ ਲੰਬੇ ਅਰਸੇ ਤੋਂ ਪੰਜਾਬ ਨਹੀਂ ਆਇਆ ਸੀ ਪਰ ਉਹ ਇਥੇ ਗੁਫਾ ਵਿਚ ਵੀ ਠਹਿਰਦਾ ਸੀ।