ਚੰਡੀਗੜ੍ਹ, ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿੱਚ ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਸ਼ਾਹ ਸਤਨਾਮਜੀ ਸਪੈਸ਼ਲਟੀ ਹਸਪਤਾਲ ਕੋਲ ਰਜਿਸਟਰੇਸ਼ਨ ਲਾਇਸੈਂਸ ਨਹੀਂ ਸੀ ਅਤੇ ਇੱਥੇ ਬਿਨਾਂ ਢੁਕਵੀਂ ਮਨਜ਼ੂਰੀ ਤੋਂ ਅੰਗ ਦਾਨ ਹੁੰਦਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਅਦਾਲਤੀ ਕਮਿਸ਼ਨਰ ਏ.ਕੇ.ਐਸ. ਪੰਵਾਰ ਦੀ ਨਿਗਰਾਨੀ ਹੇਠ ਡੇਰੇ ਦੀ ਲਈ ਤਲਾਸ਼ੀ ਦੌਰਾਨ ਇਸ ਹਸਪਤਾਲ ਵਿੱਚ ਕਈ ਬੇਨਿਯਮੀਆਂ ਸਾਹਮਣੇ ਆਈਆਂ। ਪੰਵਾਰ ਵੱਲੋਂ ਹਾਈ ਕੋਰਟ ਵਿੱਚ ਕਈ ਭਾਗਾਂ ਵਿੱਚ ਦਿੱਤੀ ਰਿਪੋਰਟ ਵਿੱਚ ਸਿਰਸਾ ਦੇ ਸਿਵਲ ਸਰਜਨ ਦੀ ਰਿਪੋਰਟ ਵੀ ਸ਼ਾਮਲ ਹੈ, ਜਿਸ ਵਿੱਚ ਕਿਹਾ ਗਿਆ ਕਿ ਡੇਰੇ ਦੇ ਇਸ ਹਸਪਤਾਲ ਵਿੱਚ ਚਮੜੀ ਟਰਾਂਸਪਲਾਂਟ ਦੇ 40 ਕੇਸ ਹੋਏ।       ਇਨ੍ਹਾਂ ਵਿੱਚੋਂ ਅੱਠ ਕੇਸ ਵੱਖ ਵੱਖ ਬਿਮਾਰੀਆਂ ਕਾਰਨ ਕਾਮਯਾਬ ਨਹੀਂ ਹੋਏ। ਰਿਪੋਰਟ ਵਿੱਚ ਕਿਹਾ ਗਿਆ     ਕਿ ਇਹ ਵੀ ਪਤਾ  ਚੱਲਿਆ ਹੈ ਕਿ ਇਸ ਹਸਪਤਾਲ ਦੇ ਪ੍ਰਬੰਧਕਾਂ ਕੋਲ ਰਜਿਸਟਰੇਸ਼ਨ ਸਰਟੀਫਿਕੇਟ ਨਹੀਂ ਸੀ। ਹਸਪਤਾਲ ਵਿੱਚੋਂ 29 ਰੈਫਰੀਜਰੇਟਿਡ ਪਲਾਸਟਿਕ ਮਰਤਬਾਨ ਬਰਾਮਦ ਹੋਏ, ਜੋ ਚਮੜੀ ਦੀ ਸੰਭਾਲ ਲਈ ਸੀ। ਇਹ ਹਸਪਤਾਲ ਬਿਨਾਂ ਕਿਸੇ ਢੁਕਵੇਂ ਲਾਇਸੈਂਸ ਤੋਂ ਅੰਗ ਦਾਨ ਜਾਂ ਟਰਾਂਸਪਲਾਂਟ ਕਰ ਰਿਹਾ ਸੀ।
ਰਿਪੋਰਟ ਮੁਤਾਬਕ ਡੇਰਾ ਮੁਖੀ ਦੇ ਤਿੰਨ ਮੰਜ਼ਿਲਾ ਘਰ ‘ਤੇਰਾਵਾਸ’ ਦੀਆਂ ਖਿੜਕੀਆਂ ਦੇ ਸ਼ੀਸ਼ੇ ਬੁਲੇਟ ਪਰੂਫ ਸਨ। ਤਲਾਸ਼ੀ ਮੁਹਿੰਮ ਦੌਰਾਨ ਡੇਰਾ ਕੰਪਲੈਕਸ ਵਿੱਚੋਂ ਟੀਮਾਂ ਨੇ ਮਹਿੰਗੀਆਂ ਘੜੀਆਂ, ਐਨਕਾਂ, ਪਰਸ, ਪੀਣ ਵਾਲਾ ਵਿਦੇਸ਼ੀ ਪਾਣੀ, ਸ਼ਿੰਗਾਰ ਉਤਪਾਦ, ਕਈ ਜੋੜੇ ਜੁੱਤੀਆਂ, ਟੋਪੀਆਂ ਤੇ ਟੋਪ, ਮਾਲਸ਼ ਵਾਲਾ ਤੇਲ ਅਤੇ ਵੱਡੀ ਗਿਣਤੀ ਡਿਜ਼ਾਇਨਰ ਪੁਸ਼ਾਕਾਂ ਬਰਾਮਦ ਕੀਤੀਆਂ। ਅਦਾਲਤੀ ਕਮਿਸ਼ਨਰ ਨੇ ਇਹ ਰਿਪੋਰਟ 8 ਨਵੰਬਰ ਨੂੰ ਹਾਈ ਕੋਰਟ ਦੇ ਫੁੱਲ ਬੈਂਚ ਸਾਹਮਣੇ ਪੇਸ਼ ਕੀਤੀ ਸੀ।