ਚੰਡੀਗੜ੍ਹ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਬੰਧੂ ਅਠਾਵਲੇ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਮੌਕੇ ਹੋਈ ਹਿੰਸਾ ਵਿੱਚ ਮਾਰੇ ਗਏ ਦਲਿਤ ਡੇਰਾ ਪ੍ਰੇਮੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ ਅਤੇ ਮੰਤਰਾਲਾ ਫ਼ਰਜ਼ੀ ਬਾਬਿਆਂ ਵਿਰੁੱਧ ਮੁਹਿੰਮ ਚਲਾਵੇਗਾ।
ਇੱਥੇ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਠਾਵਲੇ ਨੇ ਕਿਹਾ ਕਿ ਡੇਰਾ ਮੁਖੀ ਦੇ ਮਾਮਲੇ ਵਿੱਚ ਮਰਿਆ ਕੋਈ ਵੀ ਵਿਅਕਤੀ ਰਾਹਤ ਦਾ ਹੱਕਦਾਰ ਨਹੀਂ ਕਿਉਂਕਿ ਇਨ੍ਹਾਂ ਲੋਕਾਂ ਨੇ ਜਿੱਥੇ ਨਿੱਜੀ ਜਾਇਦਾਦ ਫੂਕੀ, ਉਥੇ ਵੱਡੇ ਪੱਧਰ ’ਤੇ ਸਰਕਾਰੀ ਜਾਇਦਾਦ ਦਾ ਵੀ ਨੁਕਸਾਨ ਕੀਤਾ। ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਹਿੰਸਾ ਵਿੱਚ ਮਰੇ ਵਿਅਕਤੀਆਂ ਨੂੰ ਕੋਈ ਰਾਹਤ ਨਾ ਦੇਣ ਦਾ ਫ਼ੈਸਲਾ ਬਿਲਕੁਲ ਠੀਕ ਹੈ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਦਲਿਤ ਵਰਗ ਨੂੰ ਫ਼ਰਜ਼ੀ ਬਾਬਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਰਿਪਬਲਿਕਨ ਪਾਰਟੀ ਆਫ਼ ਇੰਡੀਆ ਵੱਲੋਂ ਕੇਂਦਰ ਵਿੱਚ ਰਾਜ ਮੰਤਰੀ ਬਣੇ ਸ੍ਰੀ ਅਠਾਵਲੇ ਨੇ ਕਿਹਾ ਕਿ ਡੇਰਾ ਮੁਖੀ ਦਾ ਪਰਦਾਫਾਸ਼ ਹੋ ਗਿਆ ਹੈ ਤੇ ਉਸ ਦਾ ਜੇਲ੍ਹ ਵਿੱਚੋਂ ਬਾਹਰ ਆਉਣਾ ਮੁਸ਼ਕਲ ਹੈ ਕਿਉਂਕਿ ਉਸ ਵਿਰੁੱਧ ਕਈ ਹੋਰ ਕੇਸ ਵੀ ਚੱਲ ਰਹੇ ਹਨ। ਮੰਤਰੀ ਨੇ ਕਿਹਾ ਕਿ ਫ਼ਰਜ਼ੀ ਬਾਬਿਆਂ ਨੂੰ ਬੇਨਕਾਬ ਕਰਨ ਲਈ ਕੌਮੀ ਪੱਧਰੀ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਇਹ ਗੱਲ ਮੰਨੀ ਕਿ ਇਕ ਵੇਲੇ ਪਾਰਟੀ ਵਰਕਰ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਜਾਣ ਲਈ ਕਹਿੰਦੇ ਰਹੇ ਸਨ ਪਰ ਉਹ ਨਹੀਂ ਗਏ।
ਮੰਤਰੀ ਨੇ ਕਿਹਾ ਕਿ ਦਲਿਤਾਂ ਤੇ ਓਬੀਸੀ ਵਰਗਾਂ ਨਾਲ ਸਬੰਧਤ 50 ਫ਼ੀਸਦ ਰਾਖਵਾਂ ਕੋਟਾ ਕਾਇਮ ਰੱਖ ਕੇ ਜਾਟਾਂ, ਮਰਾਠਿਆਂ ਤੇ ਪਟੇਲਾਂ ਨੂੰ ਵਿੱਤੀ ਆਧਾਰ ’ਤੇ ਰਾਖਵਾਂਕਰਨ ਦੇਣ ਸਬੰਧੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਕ ਵੇਲੇ ਉਹ ਦਲਿਤਾਂ ਨੂੰ ਆਪਣੀ ਸੁਰੱਖਿਆ ਲਈ ਸਰਕਾਰੀ ਤੌਰ ’ਤੇ ਹਥਿਆਰ ਮੁਹੱਈਆ ਕਰਵਾਉਣ ਦੀ ਮੰਗ ਕਰਦੇ ਰਹੇ ਹਨ ਪਰ ਬਤੌਰ ਮੰਤਰੀ ਇਹ ਮੰਗ ਜਚਦੀ ਨਹੀਂ। ਪੱਤਰਕਾਰਾਂ ਨੂੰ ਪੂਰੀ ਸੁਰੱਖਿਆ ਮਿਲਣੀ ਚਾਹੀਦੀ ਹੈ ਅਤੇ ਇਸ ਵਰਗ ’ਤੇ ਹਮਲਾ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਕਾਨੂੰਨ ਬਣਨਾ ਚਾਹੀਦਾ ਹੈ।
ਉਨ੍ਹਾਂ ਚੰਡੀਗੜ੍ਹ ਵਿੱਚ ਐਸਸੀ ਕਮਿਸ਼ਨ ਬਣਾਉਣ ਦੀ ਮੰਗ ਪ੍ਰਧਾਨ ਮੰਤਰੀ ਕੋਲ ਉਠਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਫ਼ਾਈ ਕਰਦਿਆਂ ਪੰਜਾਬ ਵਿੱਚ 91 ਤੇ ਹਰਿਆਣਾ ਵਿੱਚ 40 ਸੀਵਰਮੈਨਾਂ ਦੀਆਂ ਮੌਤਾਂ ਹੋਈਆਂ, ਜਿਨ੍ਹਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ।
‘ਸਿਆਸੀ ਪਾਰਟੀਆਂ ਬਾਬਿਆਂ ਦੇ ਮਗਰ ਨਾ ਲੱਗਣ’
ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਅੱਜ ਦਲਿਤਾਂ ਨੂੰ ਕਿਹਾ ਕਿ ਉਹ ਡੇਰਾ ਸਿਰਸਾ ਮੁਖੀ ਵਰਗੇ ਸਾਧਾਂ ਦੀ ਹਮਾਇਤ ਕਰਨ ਦੀ ਬਜਾਏ ਬੀ.ਆਰ. ਅੰਬੇਦਕਰ ਦੀ ਵਿਚਾਰਧਾਰਾ ਅਪਨਾਉਣ। ਉੱਘੇ ਦਲਿਤ ਆਗੂ ਇਸ ਮੰਤਰੀ ਨੇ ਸਿਆਸੀ ਪਾਰਟੀਆਂ ਨੂੰ ਸਲਾਹ ਦਿੱਤੀ ਕਿ ਉਹ ਹਕੀਕਤ ਜਾਣਨ ਮਗਰੋਂ ਰਾਮ ਰਹੀਮ ਵਰਗੇ ਬਾਬਿਆਂ ਦੇ ਮਗਰ ਨਾ ਲੱਗਣ। ਉਨ੍ਹਾਂ ਦਲਿਤਾਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ ਨਿਰਮਾਤਾ ਡਾ. ਅੰਬੇਦਕਰ ਦੀ ਵਿਚਾਰਧਾਰਾ ਉਤੇ ਚੱਲਣ।