ਸਿਰਸਾ, 27 ਅਗਸਤ
ਫੌਜ ਨੇ ਅੱਜ ਤਣਾਅ ਭਰੇ ਮਾਹੌਲ ਦੌਰਾਨ ਡੇਰਾ ਸਿਰਸਾ ਨੂੰ ਖਾਲੀ ਕਰਾਉਣ ਲਈ ਕਮਾਂਡ ਸੰਭਾਲ ਲਈ ਹੈ ਅਤੇ ‘ਡੇਰਾ ਜ਼ੋਨ’ ਨੂੰ ਫੌਜ ਨੇ ਸੀਲ ਕਰ ਦਿੱਤਾ ਹੈ। ਫੌਜ ਦੀ ਮੋਰਚੇਬੰਦੀ ਮਗਰੋਂ ਡੇਰਾ ਪ੍ਰੇਮੀਆਂ ਨੇ ਮੁੱਖ ਡੇਰੇ ਦੇ ਪਿੱਛਵਾੜਿਓਂ ਆਪਣੇ ਘਰਾਂ ਨੂੰ ਪੈਦਲ ਚਾਲੇ ਪਾ ਦਿੱਤੇ ਹਨ ਅਤੇ ਸ਼ਾਮ ਵਕਤ ਮੁੱਖ ਗੇਟ ਤੋਂ ਵੀ ਪੈਰੋਕਾਰ ਹੱਥ ਖੜ੍ਹੇ ਕਰਕੇ ਬਾਹਰ ਨਿਕਲਣੇ ਸ਼ੁਰੂ ਹੋ ਗਏ ਸਨ। ਆਪਣੀ ਹੋਣੀ ਤੋਂ ਅਣਜਾਣ ਦੇਰਾ ਪੇ੍ਮੀ ਅੱਗੇ ਤੋਂ ਡੇਰੇ ਆਊਣ ਤੋਂ ਤੌਬਾ ਕਰ ਰਹੇ ਸਨ। ਰੇਲ ਅਤੇ ਬੱਸ ਸੇਵਾ ਠੱਪ ਹੋਣ ਕਰਕੇ ਪ੍ਰੇਮੀਆਂ ਕੋਲ ਪੈਦਲ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ। ਇੱਕ ਤਰ੍ਹਾਂ ਬਾਹਰੇ ਆਏ ਸਾਧਨਹੀਣ ਸ਼ਰਧਾਲੂ ਲਾਚਾਰੀ ਦੇ ਆਲਮ ਵਿੱਚ ਬੇਵਸ ਸਨ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਰਸਾ ਵਿੱਚ ਸਵੇਰੇ 6 ਵਜੇ ਤੋਂ 11 ਵਜੇ ਤੱਕ ਕਰਫਿਊ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ।
ਡੇਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ਼ਾਮ ਤੱਕ ਡੇਰੇ ਦੇ ਪੱਕੇ ਵਸਨੀਕਾਂ ਨੂੰ ਛੱਡ ਕੇ ਬਾਕੀ ਸਾਰੇ ਚਲੇ ਜਾਣਗੇ। ਭਾਵੇਂ ਸਿਰਸਾ ਪ੍ਰਸ਼ਾਸਨ ਸਥਿਤੀ ਨੂੰ ਕੰਟਰੋਲ ਹੇਠ ਦੱਸ ਰਿਹਾ ਹੈ ਪਰ ਫੌਜ ਤੇ ਅਰਧ ਸੁਰੱਖਿਆ ਬਲਾਂ ਦੀ ਚੌਕਸੀ ਲੋੜ ਤੋਂ ਵੱਧ ਹੈ। ਅੱਜ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ। ਅਦਾਲਤ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਸਿਰਸਾ ਵਿੱਚ ਤੇਜੀ ਨਾਲ ਫੈਲੀ ਹਿੰਸਾ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਅੱਜ ਇਹ ਗਿਣਤੀ ਛੇ ਹੋ ਗਈ ਹੈ। ਸੁਰੱਖਿਆ ਬਲਾਂ ਨੇ ਅੱਜ ਪੂਰਾ ਦਿਨ ਸਿਰਸਾ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਭਾਵੇਂ ਅੱਜ ਫੌਜ ਦੇ ਡੇਰਾ ਸਿਰਸਾ ਅੰਦਰ ਦਾਖਲ ਹੋਣ ਦੀ ਅਫਵਾਹ ਫੈਲੀ ਪਰ ਫੌਜ ਦੀ ਕਮਾਂਡ ਸੰਭਾਲ ਰਹੇ ਮੇਜਰ ਜਨਰਲ ਰਾਜਪਾਲ ਪੂਨੀਆ ਨੇ ਸਪੱਸ਼ਟ ਕੀਤਾ ਕਿ ਫੌਜ ਦੀ ਡੇਰੇ ਅੰਦਰ ਜਾਣ ਦੀ ਕੋਈ ਯੋਜਨਾ ਨਹੀਂ ਹੈ। ਸਿਰਸਾ ਪ੍ਰਸ਼ਾਸਨ ਤਰਫ਼ੋਂ ਡੇਰਾ ਪ੍ਰੇਮੀਆਂ ਨੂੰ ਡੇਰੇ ਵਿੱਚੋਂ ਚਲੇ ਜਾਣ ਦੀਆਂ ਅਪੀਲਾਂ ਕੀਤੀਆਂ ਗਈਆਂ। ਅੱਜ ‘ਡੇਰਾ ਜ਼ੋਨ’ ਨੂੰ ਫੌਜ ਦੇ ਹਵਾਲੇ ਕੀਤਾ ਗਿਆ ਹੈ ਅਤੇ ਮੁੱਖ ਡੇਰੇ ਦੇ ਛੇ ਕਿਲੋਮੀਟਰ ਦੇ ਘੇਰੇ ਵਿੱਚ ਫੌਜ ਵੱਲੋਂ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਇਸ ਇਲਾਕੇ ਨੂੰ ਕੰਡਿਆਲੀ ਤਾਰ ਅਤੇ ਵੱਡੇ ਪੱਥਰ ਸੜਕਾਂ ਉੱਤੇ ਰੱਖ ਕੇ ਸੀਲ ਕੀਤਾ ਗਿਆ ਹੈ। ਆਸ ਪਾਸ ਦੇ ਇਲਾਕੇ ਵਿੱਚ ਛੱਤਾਂ ਉੱਤੇ ਮੋਰਚੇਬੰਦੀ ਕੀਤੀ ਗਈ ਹੈ।   ਸਿਰਸਾ ਵਿੱਚ ਅੱਜ ਤੀਸਰੇ ਦਿਨ ਵੀ ਕਰਫਿਊ ਜਾਰੀ ਰਿਹਾ ਅਤੇ ਕੋਈ ਢਿੱਲ ਨਹੀਂ ਦਿੱਤੀ ਗਈ। ਦੱਸਣਯੋਗ ਹੈ ਕਿ ਡੇਰਾ ਸਿਰਸਾ ਵਿੱਚ ਡੇਰਾ ਮੁਖੀ ਦਾ ਜਨਮ ਦਿਨ ਮਨਾਉਣ ਲਈ 10 ਤੋਂ 17 ਅਗਸਤ ਤੱਕ ਲੱਖਾਂ ਪ੍ਰੇਮੀ
ਜੁੜੇ ਸਨ ਅਤੇ 21 ਅਗਸਤ ਤੋਂ ਮੁੜ ਡੇਰੇ ਅੰਦਰ ਪ੍ਰੇਮੀ ਆਉਣੇ ਸ਼ੁਰੂ ਹੋ ਗਏ ਸਨ। ਕੱਲ ਸਿਰਸਾ ਵਿੱਚ ਹਿੰਸਾ ਫੈਲਣ ਮਗਰੋਂ ਹੁਣ ਡੇਰੇ ਵਿੱਚੋਂ ਪ੍ਰੇਮੀਆਂ ਨੂੰ ਬਾਹਰ ਕੱਢਣਾ ਪ੍ਰਸ਼ਾਸਨ ਲਈ ਮੁੱਖ ਚੁਣੌਤੀ ਬਣ ਗਿਆ ਹੈ। ਸਿਰਸਾ ਲਾਗਲੇ ਪਿੰਡ ਬੇਗੂ, ਬਾਜੇਕਾ ਅਤੇ ਨੇਜੀਆ ਵਿੱਚ ਵੀ ਕਰਫਿਊ ਲਾਇਆ ਗਿਆ ਹੈ। ਬਾਜੇਕਾ ਪਿੰਡ ਵਿੱਚ ਕੱਲ੍ਹ ਗਰਿੱਡ ਨੂੰ ਅੱਗ ਲਾਈ ਗਈ ਸੀ ਜਿਸ ਕਰਕੇ ਹੁਣ ਇਸ ਪਿੰਡ ਵਿੱਚ ਬਿਜਲੀ ਸਪਲਾਈ ਠੱਪ ਹੈ।     ਸੂਤਰਾਂ ਅਨੁਸਾਰ ਸਿਰਸਾ ਪੁਲੀਸ ਨੇ ਅੱਜ 15 ਦੇ ਕਰੀਬ ਪ੍ਰੇਮੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਇਸ ਤੋਂ ਇਲਾਵਾ ਡੇਰਾ ਮੁਖੀ ਦੇ ਦੋ ਗੰਨਮੈਨਾਂ ਨੂੰ ਏ.ਕੇ-47 ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਗੰਨਮੈਨ ਪੰਜਾਬ ਪੁਲੀਸ ਤਰਫ਼ੋਂ ਦਿੱਤੇ ਗਏ ਸਨ।
ਅੱਜ ਸਿਰਸਾ ਵਿੱਚ ਕੋਈ ਹਿੰਸਾ ਦੀ ਘਟਨਾ ਨਹੀਂ ਵਾਪਰੀ ਅਤੇ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ। ਸਿਰਸਾ ਵਿੱਚ ਫੌਜ ਤੋਂ ਬਿਨਾਂ ਨੀਮ ਫੌਜੀ ਬਲਾਂ ਦੀਆਂ 10 ਕੰਪਨੀਆਂ ਅਤੇ ਸਥਾਨਕ ਪੁਲੀਸ ਦੀਆਂ ਪੰਜ ਕੰਪਨੀਆਂ ਤਾਇਨਾਤ ਹਨ। ਹਾਈਕੋਰਟ ਦੇ ਹੁਕਮਾਂ ਮਗਰੋਂ ਅੱਜ ਇਨ੍ਹਾਂ ਨਾਮ ਚਰਚਾ ਘਰਾਂ (ਡੇਰਿਆਂ) ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਅੱਜ ਸਰਦੂਲਗੜ੍ਹ ਇਲਾਕੇ ਦੇ ਕੁੱਝ ਪਿੰਡਾਂ ਦੇ ਪ੍ਰੇਮੀ ਮੁੱਖ ਡੇਰੇ ਵਿੱਚੋਂ ਬਾਹਰ ਆਉਣ ਤੋਂ ਡਰ ਵੀ ਰਹੇ ਸਨ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਜੋ ਕਿ ਅੱਜ ਦੁਪਹਿਰ ਵਕਤ ਡੇਰੇ ਅੰਦਰ ਪੁੱਜੇ ,ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰੇਮੀਆਂ ਨੂੰ ਘਰਾਂ ਨੂੰ ਜਾਣ ਵਾਸਤੇ ਆਖ ਦਿੱਤਾ ਹੈ ਅਤੇ ਸ਼ਾਮ ਤੱਕ ਸਾਰੇ ਲੋਕ ਘਰਾਂ ਨੂੰ ਪਰਤ ਜਾਣਗੇ। ਡੇਰੇ ਅੰਦਰ ਰਹਿਣ ਵਾਲੇ ਪੱਕੇ ਵਸਨੀਕ ਹੀ ਇੱਥੇ ਰਹਿਣਗੇ। ਉਨ੍ਹਾਂ ਦੱਸਿਆ ਕਿ ਡੇਰੇ ਦੇ ਸਕੂਲ ਕਾਲਜ ਵਿੱਚ ਬੱਚਿਆਂ ਨੂੰ 22 ਅਗਸਤ ਤੋਂ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ।
ਸਿਰਸਾ (ਨਿਜੀ ਪੱਤਰ ਪ੍ਰੇਰਕ): ਸਿਰਸਾ ਵਿੱਚ ਹਰਿਆਣਾ ਸਰਕਾਰ ਵੱਲੋਂ ਤਾਇਨਾਤ ਵਿਸ਼ੇਸ਼ ਪ੍ਰਸ਼ਾਸਨਿਕ ਅਧਿਕਾਰੀ ਵੀ. ਉਮਾਸ਼ੰਕਰ ਅਤੇ ਹਿਸਾਰ ਰੇਂਜ ਦੇ ਆਈ.ਜੀ. ਅਮਿਤਾਭ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਰੇ ਸਿਰਸਾ ਜ਼ਿਲ੍ਹਾ ਵਿੱਚ ਕੱਲ੍ਹ ਸ਼ਾਮ ਤੋਂ ਬਾਅਦ ਕਿਸੇ ਵੀ ਮਾੜੀ ਘਟਨਾ ਦੀ ਖ਼ਬਰ ਨਹੀਂ ਹੈ। ਇਸ ਦੌਰਾਨ ਹੀ ਸਿਰਸਾ ਦੇ ਐੱਸ.ਡੀ.ਐਮ. ਪਰਮਜੀਤ ਸਿੰਘ ਚਹਿਲ ਨੇ ਦੱਸਿਆ ਕਿ ਫੌਜ ਨੂੰ ਹਾਲੇ ਤੱਕ ਡੇਰੇ ਦੇ ਅੰਦਰ ਜਾਣ ਦੇ ਆਦੇਸ਼ ਨਹੀਂ ਦਿੱਤੇ ਗਏ। ਜਦੋਂ ਆਦੇਸ਼ ਹੋਣਗੇ ਫੌਜ ਆਪਣੀ ਕਾਰਵਾਈ ਕਰੇਗੀ।
ਅੱਜ ਸਵੇਰੇ ਸਿਰਸਾ ਦੇ ਗੁਰੂ ਗੋਬਿੰਦ ਸਿੰਘ ਚੌਕ ਵਿੱਚ ਕੁੱਝ ਡੇਰਾ ਸਮਰਥਕ ਇਕੱਠੇ ਹੋਏ ਸਨ। ਪੁਲੀਸ ਵੱਲੋਂ ਉਨ੍ਹਾਂ ਨੂੰ ਜਾਣ ਲਈ ਕਿਹਾ ਗਿਆ ਪਰ ਉਹ ਨਾ ਮੰਨੇ। ਬਾਅਦ ਵਿੱਚ ਭਾਰੀ ਪੁਲੀਸ ਫੋਰਸ ਮੰਗਵਾ ਕੇ ਉਨ੍ਹਾਂ ਨੂੰ ਸਖ਼ਤੀ ਨਾਲ ਉਥੋਂ ਭਜਾ ਦਿੱਤਾ ਗਿਆ।

ਅਗਲੇ ਹੁਕਮਾਂ ਤਕ ਵਿਦਿਅਕ ਸੰਸਥਾਵਾਂ ਬੰਦ  
ਸਿਰਸਾ : ਯੂਨੀਵਰਸਿਟੀਆਂ, ਵਿਦਿਆਪੀਠ, ਕਾਲਜ, ਬਹੁਤਕਨੀਕੀ ਕਾਲਜ, ਆਈਟੀਆਈ, ਇੰਜਨੀਅਰਿੰਗ ਕਾਲਜ, ਕੋਚਿੰਗ ਸੈਂਟਰ, ਸਕੂਲ (ਪ੍ਰਾਇਮਰੀ, ਪਲੇਅ-ਸਕੂਲ, ਮਿਡਲ ਸਕੂਲ, ਸੈਕੰਡਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ, ਹੋਸਟਲ) ਆਦਿ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰੇ ਅਗਲੇ ਆਦੇਸ਼ਾਂ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ ਡੀ.ਸੀ. ਪ੍ਰਭਜੋਤ ਸਿੰਘ ਨੇ ਜ਼ਿਲ੍ਹੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸ਼ਰਾਬ ਦੇ ਠੇਕਿਆਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।

ਰੋਹਤਕ ਜੇਲ੍ਹ ਵਿੱਚ ਲੱਗੇਗੀ ਸੀਬੀਆਈ ਅਦਾਲਤ 
ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਨਿੱਚਰਵਾਰ ਨੂੰ ਨਿਵੇਕਲਾ ਫ਼ੈਸਲਾ ਲੈਂਦਿਆਂ ਪੰਚਕੂਲਾ ਸੀਬੀਆਈ ਅਦਾਲਤ ਨੂੰ ਰੋਹਤਕ ਜ਼ਿਲ੍ਹਾ ਜੇਲ੍ਹ ਸੁਨਾਰੀਆ ’ਚ  ਸੋਮਵਾਰ ਨੂੰ ਅਦਾਲਤ ਲਗਾ ਕੇ ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਦੇ ਹੁਕਮ ਦਿੱਤੇ ਹਨ। ਹਿੰਸਾ ਤੋਂ ਬਾਅਦ ਸੁਰੱਖਿਆ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ। ਡੇਰਾ ਮੁਖੀ ਨੂੰ ਦਫ਼ਾ 376 ਅਤੇ 506 ਤਹਿਤ ਘੱਟੋ ਘੱਟ 7 ਸਾਲ ਦੀ ਸਜ਼ਾ ਹੋ ਸਕਦੀ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਅਤੇ ਪੰਚਕੂਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਗਦੀਪ ਸਿੰਘ ਨੇ ਸਜ਼ਾ ਦਾ ਐਲਾਨ ਕਰਨਾ ਹੈ। ਕਾਰਜਕਾਰੀ ਚੀਫ਼ ਜਸਟਿਸ ਸੁਰਿੰਦਰ ਸਿੰਘ ਸਾਰੋਂ ਅਤੇ ਹਾਈ ਕੋਰਟ ਦੇ ਜੱਜਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਰੋਹਤਕ ਜੇਲ੍ਹ ’ਚ ਅਦਾਲਤ ਬਣਾਉਣ ਅਤੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ।