ਬਠਿੰਡਾ, ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ ਸਮੇਂ ’ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਹੁਣ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ, ਦੇ ਬੋਲ ਪੁਗਾਉਂਦੀ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਨਸੀਬਪੁਰਾ ਰੱਖਿਆ ਅਤੇ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੇਰਾ ਪ੍ਰੇਮੀਆਂ ਦੀ ਬਹੁਗਿਣਤੀ ਵਾਲੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਰੱਖ ਦਿੱਤਾ ਸੀ।
ਕੈਪਟਨ ਸਰਕਾਰ ਨੇ ਸਾਲ 2004-05 ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੈਲੇ ਵਾਂਦਰ ਦਾ ਨਾਂ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਦੇ ਨਾਂ ’ਤੇ ਨਸੀਬਪੁਰਾ ਰੱਖਿਆ ਸੀ। ਇਸ ਬਾਰੇ ਨੋਟੀਫਿਕੇਸ਼ਨ ਕਾਂਗਰਸ ਹੂਕਮਤ ਸਮੇਂ ਜਾਰੀ ਹੋਇਆ ਸੀ। ਪਿੰਡ ਨਸੀਬਪੁਰਾ ਦੇ ਮੌਜੂਦਾ ਸਰਪੰਚ ਗੁਰਤੇਜ ਸਿੰਘ ਨੇ ਕਿਹਾ ਕਿ ਪਿੰਡ ਦੇ ਨਾਂ ਦੇ ਪਿਛੋਕੜ ਬਾਰੇ ਉਹ ਕੁਝ ਨਹੀਂ ਜਾਣਦੇ ਪਰ ਏਨਾ ਜ਼ਰੂਰ ਪਤਾ ਹੈ ਕਿ ਜਦੋਂ ਪਿੰਡ ਦਾ ਨਾਂ ਬਦਲਿਆ ਜਾ ਰਿਹਾ ਸੀ ਤਾਂ ਉਦੋਂ ਪਿੰਡ ਦੇ ਵਾਂਦਰ ਗੋਤ ਦੇ ਬਾਸ਼ਿੰਦਿਆਂ ਨੇ ਇਤਰਾਜ਼ ਕੀਤਾ ਸੀ। ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਨਾਮ ਚਰਚਾ ਘਰ ਵੀ ਬਣਿਆ ਹੋਇਆ ਹੈ ਤੇ ਪਿੰਡ ਦੀ ਵੋਟ ਕਰੀਬ 3150 ਹੈ। ਇਸ ਪਿੰਡ ਵਿੱਚ 70 ਫ਼ੀਸਦ ਡੇਰਾ ਪ੍ਰੇਮੀ ਹਨ। ਸੂਤਰਾਂ ਮੁਤਾਬਕ ਪੰਚਾਇਤੀ ਵੋਟਾਂ ਦੇ ਲਾਹੇ ਲਈ ਤਤਕਾਲੀ ਆਗੂਆਂ ਨੇ ਪੰਚਾਇਤੀ ਮਤਾ ਪਾਸ ਕਰ ਦਿੱਤਾ ਸੀ, ਜਿਸ ’ਤੇ ਕਾਂਗਰਸ ਸਰਕਾਰ ਨੇ ਮੋਹਰ ਲਾ ਦਿੱਤੀ ਸੀ। ਪਿੰਡ ਦੀ ਤਤਕਾਲੀ ਸਰਪੰਚ ਮਲਕੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਪ੍ਰੇਮੀ ਡੇਰਾ ਸਿਰਸਾ ਤੋਂ ਪਿੰਡ ਦਾ ਨਾਂ ਕਢਵਾ ਕੇ ਲਿਆਏ ਸਨ ਕਿਉਂਕਿ ਪਹਿਲਾਂ ਪਿੰਡ ਦਾ ਨਾਂ ਠੀਕ ਨਹੀਂ ਸੀ। ਇਸ ਕਰਕੇ ਬਹੁ-ਗਿਣਤੀ ਲੋਕਾਂ ਦੀ ਮੰਗ ਉਤੇ ਪਿੰਡ ਦਾ ਨਾਂ ਬਦਲਣ ਵਾਸਤੇ ਮਤਾ ਪਾਇਆ ਸੀ।
ਇਸ ਪਿੰਡ ਦੇ ਡੇਰਾ ਪ੍ਰੇਮੀ ਨਸੀਬ ਸਿੰਘ ਨੇ ਕਿਹਾ ਕਿ ਪੁਰਾਣੇ ਸਮਿਆਂ ’ਚ ਪਿੰਡ ਵਿੱਚ ਛੱਪੜ ਕਿਨਾਰੇ ਬੈਠੇ ਸਾਧੂ ’ਤੇ ਔਰਤਾਂ ਨੇ ਇਲਜ਼ਾਮ ਲਾ ਦਿੱਤੇ ਸਨ, ਜਿਸ ਕਾਰਨ ਉਸ ਸਾਧੂ ਨੇ ਪਿੰਡ ਨੂੰ ਸਰਾਪ ਦਿੱਤਾ ਸੀ। ਪਿੰਡ ’ਚ ਕਾਫ਼ੀ ਸਮਾਂ ਪਹਿਲਾਂ ਜਦੋਂ ਸ਼ਾਹ ਸਤਨਾਮ ਜੀ ਆਏ ਸਨ ਤਾਂ ਲੋਕਾਂ ਨੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਕੰਮ-ਕਾਰ ਨਹੀਂ ਹੋ ਰਿਹਾ ਹੈ। ਸ਼ਾਹ ਸਤਨਾਮ ਨੇ ਉਦੋਂ ਵਰ ਦਿੱਤਾ ਸੀ ਕਿ ਇਹ ਨਸੀਬਾਂ ਵਾਲਾ ਪਿੰਡ ਹੋਵੇਗਾ, ਜਿਸ ਕਰ ਕੇ ਪਿੰਡ ਦਾ ਨਾਂ ਨਸੀਬਪੁਰਾ ਪਿਆ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਦੇ ਨਾਂ ’ਤੇ ਪਿੰਡ ਦਾ ਨਾਂ ਨਸੀਬਪੁਰਾ ਰੱਖਿਆ ਗਿਆ ਸੀ।
ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਡੇਢ-ਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਨਾਂ ਤਬਦੀਲ ਕਰਕੇ ਪ੍ਰੇਮ ਕੋਟਲੀ ਰੱਖ ਦਿੱਤਾ ਸੀ। ਲੋਕਾਂ ਨੇ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਡੇਰਾ ਸਿਰਸਾ ਦੇ ਤਤਕਾਲੀ ਮੁਖੀ ਸ਼ਾਹ ਸਤਨਾਮ ਪਿੰਡ ਕੋਟਲੀ ਖੁਰਦ ਆਏ ਸਨ, ਜਿਨ੍ਹਾਂ ਨੇ ਪਿੰਡ ਵਿੱਚ ਪ੍ਰੇਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਆਖਿਆ ਸੀ ਕਿ ਇਸ ਪਿੰਡ ਦਾ ਨਾਂ ਪ੍ਰੇਮ ਕੋਟਲੀ ਹੋਣਾ ਚਾਹੀਦਾ ਹੈ। ਪੰਚਾਇਤੀ ਮਤਾ ਪੈਣ ਮਗਰੋਂ ਗੱਠਜੋੜ ਸਰਕਾਰ ਨੇ ਇਸ ਪਿੰਡ ਦਾ ਨਾਂ ਹੱਥੋ-ਹੱਥੀ ਤਬਦੀਲ ਕਰ ਦਿੱਤਾ ਸੀ।