ਚੰਡੀਗੜ੍ਹ, 22 ਅਗਸਤ
ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ 25 ਅਗਸਤ ਨੂੰ ਫੈਸਲਾ ਸੁਣਾਉਣ ਦੇ ਮੱਦੇਨਜ਼ਰ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਹਰਿਆਣਾ ਸਰਕਾਰ ਨੇ ਅਹਿਮ ਕਦਮ ਚੁੱਕੇ ਹਨ। ਰਾਜ ਦੇ 10 ਜ਼ਿਲ੍ਹਿਆਂ ਵਿੱਚ ਨੀਮ ਫੌਜੀ ਬਲਾਂ ਦੀਆਂ 35 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ ਅਤੇ ਧਾਰਾ 144 ਲਾਗੂ ਕਰ ਦਿੱਤੀ ਹੈ। ਲੋਕਾਂ ਕੋਲੋਂ ਅਸਲਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਫੌਜ ਨੂੰ ਵੀ ਤਿਆਰ ਰਹਿਣ ਲਈ ਕਹਿ ਦਿੱਤਾ ਹੈ। ਹਰਿਆਣਾ ਸਰਕਾਰ ਨੇ ਡੇਰੇ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਰੱਖਣ ਲਈ ਸੀਨੀਅਰ ਆਈਏਐਸ ਅਧਿਕਾਰੀ ਬੀ. ਉਮਾ ਸ਼ੰਕਰ ਨੂੰ ਜ਼ਿੰਮੇਵਾਰੀ ਸੌਂਪੀ ਹੈ। ਰਾਜ ਸਰਕਾਰ ਆਪਣੇ ਤੌਰ ’ਤੇ ਡੇਰਾ ਮੁਖੀ ਨਾਲ ਸੰਪਰਕ ਵਿੱਚ ਹੈ। ਕੇਂਦਰ ਸਰਕਾਰ ਨੇ ਵੱਖਰੇ ਤੌਰ ’ਤੇ ਡੇਰੇ ਨਾਲ ਸੰਪਰਕ ਸਾਧਿਆ ਹੈ। ਹਰਿਆਣਾ ਦੇ ਗ੍ਰਹਿ ਸਕੱਤਰ ਰਾਮ ਨਿਵਾਸ ਤੇ ਡੀਜੀਪੀ ਬੀ.ਐਸ. ਸੰਧੂ ਨੇ ਅੱਜ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਅਮਨ ਕਾਨੂੰਨ ਦੀ ਸਥਿਤੀ ਹਰ ਹਾਲਤ ਵਿੱਚ ਬਹਾਲ ਰੱਖਣ ਲਈ ਹੁਕਮ ਦਿੱਤੇ।
ਡੀਜੀਪੀ ਸੰਧੂ ਨੇ ਦੱਸਿਆ ਕਿ ਪੁਲੀਸ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਉਨ੍ਹਾਂ ਸਿਰਸਾ, ਫਤਿਆਬਾਦ, ਜੀਂਦ, ਹਿਸਾਰ ਆਦਿ ਜ਼ਿਲ੍ਹਿਆਂ ਦੀ ਪੁਲੀਸ ਤੇ ਸਿਵਲ ਪ੍ਰਸ਼ਾਸਨ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਲਕ ਤੋਂ ਫਲੈਗ ਮਾਰਚ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਨੂੰ ਆਸ ਹੈ ਕਿ ਡੇਰਾ ਮੁਖੀ 25 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣਗੇ। ਇਸ ਦਿਨ ਲੋਕਾਂ ਨੂੰ ਪੰਚਕੂਲਾ ਅਦਾਲਤ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਚਕੂਲਾ ਦੇ ਹੋਟਲਾਂ, ਧਰਮਸ਼ਾਲਾਵਾਂ ਅਤੇ ਠਹਿਰਨ ਦੀਆਂ ਹੋਰ ਥਾਵਾਂ ’ਤੇ ਵੀ ਨਿਗ੍ਹਾ ਰੱਖੀ ਜਾ ਰਹੀ ਹੈ।
ਹਰਿਆਣਾ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਨੀਮ ਫੌਜੀ ਬਲਾਂ ਦੀਆਂ ਹੋਰ ਕੰਪਨੀਆਂ ਦੀ ਮੰਗ ਕੀਤੀ ਹੈ। ਪਤਾ ਲੱਗਿਆ ਹੈ ਕਿ ਫੌਜ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ। ਹਰਿਆਣਾ ਸਰਕਾਰ ਨੇ ਪ੍ਰਸ਼ਾਸਨ ਨੂੰ ਇਹਤਿਆਤੀ ਕਦਮ ਚੁੱਕਣ ਲਈ ਖੁੱਲ੍ਹ ਦਿੱਤੀ ਹੈ। ਲੋੜ ਪੈਣ ’ਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕੀਤੀਆਂ ਜਾ ਸਕਦੀਆਂ ਅਤੇ ਗ੍ਰਿਫ਼ਤਾਰੀਆਂ ਵੀ ਕੀਤੇ ਜਾਣ ਦੀ ਸੰਭਾਵਨਾ ਹੈ।
ਖਨੌਰੀ : ਡੇਰਾ ਸਿਰਸਾ ਮੁਖੀ ਖ਼ਿਲਾਫ਼ ਕੇਸ ਵਿੱਚ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਦੀ ਪੁਲੀਸ ਵੱਲੋਂ ਡੀਐੱਸਪੀ ਪੱਧਰ ਦੀ ਮੀਟਿੰਗ ਸਥਾਨਕ ਸ਼ਹਿਰ ਵਿੱਚ ਕੀਤੀ ਗਈ। ਮੀਟਿੰਗ ਵਿੱਚ ਡੀਐੱਸਪੀ ਮੂਨਕ ਅਜੈ ਪਾਲ ਸਿੰਘ, ਡੀਐੱਸਪੀ ਪਾਤੜਾਂ ਦੇਵਿੰਦਰ ਅੱਤਰੀ, ਡੀਐੱਸਪੀ ਨਰਵਾਣਾ ਕੁਲਵੰਤ ਸਿੰਘ, ਡੀਐੱਸਪੀ ਕੈਥਲ ਜੋਗਿੰਦਰ ਸਿੰਘ ਅਤੇ ਡੀਐੱਸਪੀ ਟੋਹਾਣਾ ਸ਼ਮਸ਼ੇਰ ਸਿੰਘ ਤੋਂ ਇਲਾਵਾ ਹੋਰ ਵੀ ਕਈ ਪੁਲੀਸ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਡੀਐੱਸਪੀ ਮੂਨਕ ਅਜੈ ਪਾਲ ਸਿੰਘ ਤੇ ਡੀਐੱਸਪੀ ਪਾਤੜਾਂ ਦਵਿੰਦਰ ਅੱਤਰੀ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੀ ਪੁਲੀਸ ਨੇ ਹਾਲਾਤ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕੀਤੀ। ਉਨ੍ਹਾਂ ਦੱਸਿਆ ਕਿ ਦੋਵਾਂ ਰਾਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੋਣ ਦੀ ਸੂਰਤ ਵਿੱਚ ਪੰਜਾਬ ਤੇ ਹਰਿਆਣਾ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ ਵੱਲ ਧਿਆਨ ਨਾ ਦੇਣ।
ਸਿਰਸਾ ਯੂਨੀਵਰਸਿਟੀ ਦੇ ਹੋਸਟਲ ਖਾਲੀ ਹੋਏ
ਚੰਡੀਗੜ੍ਹ : ਡੇਰਾ ਮੁਖੀ ਦੇ ਕੇਸ ’ਚ ਫ਼ੈਸਲਾ ਆਉਣ ਨੂੰ ਦੇਖਦਿਆਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦੇ ਚਾਰ ਹੋਸਟਲਾਂ ’ਚ ਰਹਿੰਦੇ ਵਿਦਿਆਰਥੀ ਆਪਣੇ ਆਪਣੇ ਘਰਾਂ ਨੂੰ ਤੁਰ ਗਏ ਹਨ। ਹਿੰਸਾ ਦੀਆਂ ਖ਼ਬਰਾਂ ਫੈਲਣ ਤੋਂ ਬਾਅਦ ਵਿਦਿਆਰਥਣਾਂ ’ਚ ਡਰ ਦਾ ਮਾਹੌਲ ਹੈ।
ਸਾਰੇ ਗਜ਼ਟਿਡ ਅਫ਼ਸਰ ਕਾਰਜਕਾਰੀ ਮੈਜਿਸਟਰੇਟ ਨਿਯੁਕਤ
ਫਰੀਦਕੋਟ : ਡੇਰਾ ਮੁਖੀ ਖ਼ਿਲਾਫ਼ ਮੁਕੱਦਮੇ ਦੇ ਫ਼ੈਸਲੇ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸੂਬੇ ਦੇ ਸਾਰੇ ਗਜ਼ਟਿਡ ਅਫ਼ਸਰਾਂ ਨੂੰ ਕਾਰਜਕਾਰੀ ਮੈਜਿਸਟਰੇਟ ਨਿਯੁਕਤ ਕਰ ਦਿੱਤਾ ਹੈ ਤਾਂ ਜੋ ਅਮਨ-ਕਾਨੂੰਨ ਦੀ ਹਾਲਤ ਨੂੰ ਕਾਇਮ ਰੱਖਿਆ ਜਾ ਸਕੇ। ਇਨ੍ਹਾਂ ਹੁਕਮਾਂ ਤੋਂ ਬਾਅਦ ਹਰੇਕ ਜ਼ਿਲ੍ਹੇ ’ਚ 100 ਕਾਰਜਕਾਰੀ ਮੈਜਿਸਟਰੇਟ ਤਾਇਨਾਤ ਹੋਣਗੇ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਸੁਨੇਹਿਆਂ ’ਚ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਰਾਜਪਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਦਿੱਤੇ ਹਨ ਜੋ 30 ਸਤੰਬਰ ਤਕ ਜਾਰੀ ਰਹਿਣਗੇ।