ਜਲੰਧਰ, 29 ਅਗਸਤ
ਪੰਚਕੂਲਾ ਵਿੱਚ ਹੋਈ ਸਾੜ-ਫੂਕ ਤੋਂ ਬਾਅਦ ਆਲੋਚਨਾ ਝੱਲ ਰਹੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇੱਕ ਵਧੀਆ ਮੁੱਖ ਮੰਤਰੀ ਦੱਸਦਿਆਂ ਕੇਂਦਰੀ ਮਹਿਲਾ ਤੇ ਬਾਲ ਕਲਿਆਣ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਸ੍ਰੀ ਖੱਟਰ ਨੇ ਹਰਿਆਣਾ ਵਿੱਚ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਲਾਗੂ ਕੀਤਾ ਹੈ। ਸ੍ਰੀਮਤੀ ਗਾਂਧੀ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਇੱਥੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ’ਤੇ ਹਰ ਪਾਸਿਓਂ ਅਸਤੀਫ਼ੇ ਦੀ ਮੰਗ ਦੇ ਪੈ ਰਹੇ ਦਬਾਅ ਬਾਰੇ ਪੁੱਛਿਆ।
ਸ੍ਰੀਮਤੀ ਗਾਂਧੀ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਮਾਮਲਾ ਔਰਤਾਂ ਨਾਲ ਨਹੀਂ, ਸਗੋਂ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਵਿੱਚ ਭਾਜਪਾ ਦੇ ਹੀ ਨਹੀਂ ਸਗੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਜਾਂਦੇ ਸਨ। ਡੇਰਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਸਬੰਧੀ ਸਵਾਲ ਉਨ੍ਹਾਂ ਨੇ ਟਾਲ ਦਿੱਤੇ। ਸ੍ਰੀਮਤੀ ਗਾਂਧੀ ਨੇ ਪੰਚਕੂਲਾ ’ਚ ਵਾਪਰੀਆਂ ਸਾੜ-ਫੂਕ ਦੀਆਂ ਘਟਨਾਵਾਂ ਬਾਰੇ ਖੱਟਰ ਸਰਕਾਰ ਦਾ ਪੱਖ ਪੂਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਵਰਤੀ ‘ਮੁਸਤੈਦੀ’ ਕਾਰਨ ਹੀ ਦੋਸ਼ੀਆਂ ਨੂੰ ਫੜਿਆ ਜਾ ਸਕਿਆ ਹੈ।
ਪੰਜਾਬ ’ਚ ਲੋਕਾਂ ਦੀ ਵਿਗੜ ਰਹੀ ਸਿਹਤ ’ਤੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹਾ ਕਿਸਾਨਾਂ ਵੱਲੋਂ ਖੇਤਾਂ ਵਿੱਚ ਵੱਧ ਖਾਦਾਂ ਅਤੇ ਕੀਟਨਾਸ਼ਕ ਪਾਉਣ ਕਾਰਨ ਹੋ ਰਿਹਾ ਹੈ। ਪੰਜਾਬ ਦੇ 90 ਫੀਸਦ ਲੋਕਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਇਸ ਤੋਂ ਬਚਾਅ ਲਈ ਸੂਬੇ ਨੂੰ ਜੈਵਿਕ ਖੇਤੀ ਵੱਲ ਪਰਤਣਾ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਪੰਜਾਬ ਸਰਕਾਰ ਨੇ ਲਾਭ ਨਹੀਂ ਲਿਆ। ਕੇਂਦਰ ਦੀਆਂ ਜੈਵਿਕ ਖੇਤੀ ਸਬੰਧੀ ਸਕੀਮਾਂ ਲਈ ਪੰਜਾਬ ਨੇ ਕੋਈ ਸਿਆਸੀ ਇੱਛਾ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਸਿੱਕਿਮ ਪਹਿਲਾਂ ਹੀ ਜੈਵਿਕ ਖੇਤੀ ਨੂੰ ਸਫ਼ਲਤਾਪੂਰਬਕ ਅਪਣਾ ਚੁੱਕਾ ਹੈ ਤੇ ਉਸ ਦੇ ਨਤੀਜੇ ਵੀ ਚੰਗੇ ਆ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਮਹਿੰਦਰ ਭਗਤ ਅਤੇ ਭਾਜਪਾ ਦੇ ਹੋਰ ਆਗੂ ਹਾਜ਼ਰ ਸਨ।