ਅਸ਼ੋਕ ਸੋਨੀ

ਸਾਡੇ ਪਿੰਡ ਦਾ ਸ਼ਰੀਫ, ਸਾਊ, ਮਿਹਨਤ-ਮਜ਼ਦੂਰੀ ਕਰਦਾ, ਸਿੱਧਰਾ ਜਿਹਾ ਸ਼ਖ਼ਸ ਹੈ ਜਿਸ ਦਾ ਨਾਂ ਡੀਸੀ ਹੈ। ਗੱਲ ਲਗਭਗ ਤੀਹ ਕੁ ਸਾਲ ਪੁਰਾਣੀ ਹੈ। ਉਦੋਂ ਜ਼ਿਲ੍ਹਾ ਫਿਰੋਜ਼ਪੁਰ ਹੁੰਦਾ ਸੀ ਤੇ ਸਾਡੇ ਪਿੰਡ ਥਾਣਾ ਨ੍ਹੀਂ ਹੁੰਦਾ ਸੀ। ਸਾਨੂੰ ਵੀ ਰਾਜਸਥਾਨ ਦੀ ਹੱਦ ਲਾਗਲਾ ਥਾਣਾ ਪੈਂਦਾ ਸੀ। ਸਾਡੇ ਪਿੰਡ ਇਕ ਪਟਵਾਰੀ ਸਾਬ੍ਹ ਹੁੰਦੇ ਸਨ, ਭਾਵੇਂ ਸਰਕਾਰੀ ਮੁਲਾਜ਼ਮ ਸਨ ਪਰ ਨਾਮੀ ਰਾਜਨੀਤਕ ਹਸਤੀਆਂ ਨਾਲ ਚੰਗਾ ਉੱਠਣਾ-ਬੈਠਣਾ ਤੇ ਆਪ ਵੀ ਰਾਜਨੀਤਕ ਸ਼ਖ਼ਸੀਅਤ ਸਨ। ਡੀਸੀ, ਪਟਵਾਰੀ ਜੀ ਦਾ ਖਾਸਮਖਾਸ ਕਰਿੰਦਾ ਸੀ। ਪਟਵਾਰੀ ਜੀ ਨੇ ਕੋਈ ਚਿੱਠੀ ਲਾਗਲੇ ਪਿੰਡ ਦੇ ਥਾਣੇ ਭੇਜਣੀ ਸੀ। ਸ਼ਾਮ ਨੂੰ ਪਟਵਾਰੀ ਜੀ ਨੇ ਪੈੱਗ ਲਾਉਣ ਤੋਂ ਬਾਅਦ ਥਾਣੇ ਫੋਨ ਲਾ ਲਿਆ। ਉੱਧਰ ਵੀ ਮੁਲਾਜ਼ਮ ਲਾਲ ਪਰੀ ਦੇ ਤਰਾਰੇ ’ਚ ਹੀ ਸੀ। ਟੈਲੀਫੋਨ ਵਾਲੀਆਂ ਤਾਰਾਂ ਵੀ ਸ਼ਾਇਦ ਢਿੱਲੀਆਂ ਸਨ। ਪਟਵਾਰੀ ਸਾਬ੍ਹ ਨੇ ਫੋਨ ’ਤੇ ਥਾਣੇ ਆਲੇ ਨੂੰ ਜੋ ਕਿਹਾ, ਉਸ ’ਚੋਂ ਸਬੰਧਿਤ ਮੁਲਾਜ਼ਮ ਨੂੰ ਇੰਨੀ ਹੀ ਗੱਲ ਸਮਝ ਲੱਗੀ ਕਿ ‘‘ਕੱਲ੍ਹ ਇਕ ਚਿੱਠੀ ਲੈ ਕੇ ਡੀਸੀ ਆ ਰਿਹਾ ਹੈ, ਰਿਸੀਵ ਕਰ ਲੈਣਾ।’’

ਥਾਣੇ ’ਚ ਇਹ ਫੋਨ ਬਿਜਲੀ ਆਂਗੂ ਪਿਆ। ਗਰਮੀ ਦੀ ਬੇਹੱਦ ਗਰਮ ਰਾਤ ’ਚ ਰਾਤੋਂ-ਰਾਤ ਜਿਪਸੀਆਂ ਘੂਕੀਆਂ। ਥਾਣਾ ਮੁਖੀ ਜੋ ਆਪਣੇ ਪਿੰਡ ਗਿਆ ਸੀ, ਉਸ ਨੂੰ ਤੁਰੰਤ ਸੂਚਿਤ ਕੀਤਾ ਕਿ ਕੱਲ੍ਹ ਡੀਸੀ ਸਾਬ੍ਹ ਆ ਰਹੇ ਨੇ। ਰਾਤੋ-ਰਾਤ ਥਾਣੇ ਦੀ ਸਾਫ਼-ਸਫ਼ਾਈ, ਕਲ਼ੀਆਂ-ਕੁਲ਼ੀਆਂ, ਨਵੇਂ ਬੂਟੇ ਲਗਾਉਣ ਦੇ ਨਾਲ-ਨਾਲ ਪੁਰਾਣਿਆਂ ਨੂੰ ਵੀ ਰੰਗਿਆ ਗਿਆ, ਹਥਿਆਰ, ਪੁਲੀਸ ਦੀਆਂ ਵਰਦੀਆਂ ਤੇ ਬੂਟ ਲਿਸ਼ਕਾਏ ਗਏ, ਲਾਲਿਆਂ ਨੂੰ ਦਬਕਾ ਮਾਰ ਕਾਜੂ-ਬਦਾਮ, ਬਰਫੀਆਂ, ਠੰਢੇ-ਤੱਤੇ ਦਾ ਪ੍ਰਬੰਧ ਕੀਤਾ ਗਿਆ, ਸਰਪੰਚ ਦੇ ਮਿੰਨਤ ਤਰਲੇ ਕਰਕੇ, ਪਾਣੀ ਛਿੜਕਾਅ। ਕੁੱਲ ਮਿਲਾ ਕੇ ਸਾਰੀ ਰਾਤ ਦੀ ਜੱਦੋਜਹਿਦ ਤੋਂ ਬਾਅਦ ਥਾਣਾ ਸਣੇ ਸਰਕਾਰੀ ਰਿਕਾਰਡ ਮੇਨਟੇਨ ਕਰ ਕੇ ਚਮਕਾ ਦਿੱਤਾ ਗਿਆ। ਫਿਰ ਵੀ ਥਾਣੇਦਾਰ ਸਣੇ ਸਾਰਾ ਥਾਣਾ ਤਣਾਅ ’ਚ ਸੀ, ਆਖ਼ਰ ਡੀਸੀ ਸਾਬ੍ਹ ਨੇ ਜੋ ਆਉਣਾ ਸੀ, ਜ਼ਿਲ੍ਹੇ ਦਾ ਸਭ ਤੋਂ ਵੱਡਾ ਅਫ਼ਸਰ। ਲਓ ਜੀ ਇੱਧਰ ਸਵੇਰੇ ਅੱਠ ਕੁ ਵੱਜਦੇ ਨੂੰ ਚਿੱਠੀ ਤੇ ਪਟਵਾਰੀ ਜੀ ਦੇ ਘਰੋਂ ਬੰਨ੍ਹਾਈਆਂ ਰੋਟੀਆਂ ਝੋਲੇ ’ਚ ਪਾ, ਮੂੰਹ ’ਚ ਲਾ ਕੇ ਬੀੜੀ, ਆਪਣੀ ਟੁੱਟੀ ਜਿਹੀ ਸਾੲਂਕਲ ’ਤੇ ਡੀਸੀ ਸਾਬ੍ਹ ਨੇ ਹੌਲੀ-ਹੌਲੀ ਥਾਣੇ ਵੱਲ ਨੂੰ ਚਾਲੇ ਪਾ ਦਿੱਤੇ।

ਜਿਵੇਂ ਹੀ ਘੜੀ ਦੀ ਸੂਈ ਨੇ 9:30 ਵਜਾਏ, ਪੂਰਾ ਥਾਣਾ ਹੋਰ ਮੁਸਤੈਦ ਹੋ ਗਿਆ। ਹੁਣ ਕਿਸੇ ਵੀ ਸਮੇਂ ਡੀਸੀ ਸਾਬ੍ਹ ਜੋ ਪਹੁੰਚ ਸਕਦੇ ਸਨ। ਥਾਣੇਦਾਰ ਸਣੇ ਪੂਰਾ ਸਟਾਫ ਸਵੇਰ ਤੋਂ ਹੀ, ਪੂਰੀ ਵਰਦੀ ’ਚ ਕਸਿਆ ਹੋਇਆ ਮੁੜ੍ਹਕੋ-ਮੁੜ੍ਹਕੀ ਪਰ ਮਜਾਲ ਏ ਕੋਈ ਸੀ ਵੀ ਕਰ ਜਾਵੇ। ਇੱਧਰ ਸਾਡੇ ਪਿੰਡ ਆਲਾ ਡੀਸੀ ਪਹੁੰਚ ਗਿਆ ਥਾਣੇ ਪਰ ਉਹਨੂੰ ਇਕਦਮ ਦਬਕਾ ਮਾਰ ਕੇ ਅਗਲਿਆਂ ਬਾਹਰ ਭਜਾ ਦਿੱਤਾ, ਅਖੇ, ਬਾਅਦ ‘ਚ ਆਈਂ, ਅੱਜ ਡੀਸੀ ਸਾਬ੍ਹ ਦੀ ਚੈਕਿੰਗ ਹੈ। ਉਹ ਵਿਚਾਰਾ ਕਹੀ ਜਾਵੇ, ਅਖੇ ‘‘ਮੈਂ ਵੀ ਡੀਸੀ…।’’ ‘‘ਤੈਨੂੰ ਮਿਲਾ ਦੇਈਏ, ਮਰਾਵੇਂਗਾ ਸਾਨੂੰ, ਚੱਲ ਬਾਹਰ ਬੈਠ।’’ ਡੀਸੀ ਥਾਣੇ ਦੇ ਬਾਹਰ ਤੇ ਸਾਰਾ ਥਾਣਾ ਡੀਸੀ ਸਾਬ੍ਹ ਦੀ ਉਡੀਕ ’ਚ ਅਖੀਰ 4 ਵੱਜ ਗਏ। ਜੂਨ ਦੀ ਗਰਮੀ ’ਚ ਪੂਰਾ ਥਾਣਾ, ਰਾਤ ਦਾ ਭੁੱਖਾ-ਭਾਣੇ, ਕਸੇ ਹੋਏ ਮੁਲਾਜ਼ਮ, ਅਖੀਰ ਸਾਰੀਆਂ ਧਿਰਾਂ ਦਾ ਸਬਰ ਜਵਾਬ ਦੇ ਗਿਆ, ਖ਼ਾਸਕਰ ਥਾਣਾ ਮੁਖੀ ਦਾ ਤੇ ਡੀਸੀ ਦਾ। ਇਕ ਤਾਂ ਉਹਨੇ 35 ਕਿਲੋਮੀਟਰ ਸਾਈਕਲ ਚਲਾ ਕੇ ਪਿੰਡ ਪਰਤਣਾ ਸੀ, ਦੂਜਾ ਡੀਸੀ ਦਾ ਬੀੜੀਆਂ ਦਾ ਬੰਡਲ ਵੀ ਮੁੱਕ ਚੁੱਕਾ ਸੀ।

ਅਖੀਰ ਅੱਕ ਕੇ ਡੀਸੀ ਥਾਣੇ ’ਚ ਵੜ ਸਿੱਧਾ ਮੁਨਸ਼ੀ ਕੋਲ ਪਹੁੰਚ ਗਿਆ ਜਿੱਥੇ ਕਈ ਮੁਲਾਜ਼ਮ ਹਜੇ ਵੀ ਡੀਸੀ ਦੀ ਉਡੀਕ ’ਚ ਮੁਸਤੈਦੀ ਨਾਲ ਖੜ੍ਹੇ ਸਨ। ‘‘ਮੈਂ ਡੀਸੀ…।’’ ਗਰਮੀ ’ਚ ਤਪਿਆ ਮੁਨਸ਼ੀ ਹੋਰ ਗਰਮ ਹੋ ਗਿਆ, ‘‘ਤਿੱਤਰ ਹੋ ਜਾ ਇੱਥੋਂ… ਸਾਨੂੰ ਵੀ ਤਾਂ ਡੀਸੀ ਹੀ ਸੂਲੀ ਟੰਗੀ ਖੜ੍ਹਾ ਏ।’’ ਚੱਲਦੀ ਗੱਲਬਾਤ ’ਚ ਥਾਣੇਦਾਰ ਵੀ ਬਾਹਰ ਆ ਗਿਆ। ਥਾਣੇਦਾਰ ਨੂੰ ਵੇਖ ਡੀਸੀ ਦੀਆਂ ਅੱਖਾਂ ’ਚ ਚਮਕ ਆ ਗਈ, ‘‘ਜਨਾਬ ਸਾਬ੍ਹ ਬਹਾਦਰ ਜੀ, ਮੇਰੀ ਬੇਨਤੀ ਸੁਣੋ, ਮੇਰਾ ਨਾਂਓ ਡੀਸੀ ਹੈ, ਮੈਨੂੰ ਪਟਵਾਰੀ ਜੀ ਨੇ ਭੇਜਿਆ ਏ ਇਹ ਚਿੱਠੀ ਦੇਣ। ਉਹ ਤਾਂ ਕਹਿੰਦੇ ਸੀ ਮੈਂ ਤੇਰੇ ਬਾਰੇ ਰਾਤੀਂ ਫੋਨ ਕਰਤਾ ਸੀ ਥਾਣੇ, ਤੈਨੂੰ ਚਾਹ ਪਿਆ ਕੇ ਤੋਰਨਗੇ ਪਰ ਤੁਸੀਂ ਤਾਂ ਮੇਰੀ ਗੱਲ ਹੀ ਨ੍ਹੀਂ ਸੁਣੀ।’’ ‘‘ਡੀਸੀ ਸਾਬ੍ਹ, ਸਾਰੀ ਰਾਤ ਦੇ ਤੇਰੇ ਚੱਕਰ ’ਚ ਭੱਜੇ ਫਿਰਦੇ ਹਾਂ, ਦੁਨੀਆ ’ਚ ਕਰੋੜਾਂ ਨਾਂਓ ਨੇਂ, ਤੇਰੀ ਮਾਂ ਨੂੰ ਹੋਰ ਨਾਂਓ ਹੀ ਨ੍ਹੀਂ ਲੱਭਾ। ਹੁਣ ਇਹਨੂੰ ਦੁੱਧ ’ਚ ਪੱਤੀ ਪਿਆ ਕੇ ਹੀ ਤੋਰੋ, ਵੱਡੇ ਡੀਸੀ ਸਾਬ੍ਹ ਨੂੰ…’’। ਅੱਗੇ ਕੀ ਹੋਇਆ, ਇਹ ਟਾਪ ਸੀਕ੍ਰੇਟ ਹੈ ਪਰ ਉਸ ਤੋਂ ਬਾਅਦ ਸਾਡੇ ਇਲਾਕੇ ’ਚ ਅੱਜ ਤੱਕ ਕਿਸੇ ਨੇ ਆਪਣੇ ਪੁੱਤਰ ਦਾ ਨਾਂਓ ਡੀਸੀ ਨ੍ਹੀਂ ਰੱਖਿਆ।