ਚੰਡੀਗੜ੍ਹ, 10 ਨਵੰਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ‘ਆਪ’ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਦਾਖ਼ਲ ਅਰਜ਼ੀ ’ਤੇ ਅੱਜ ਆਪਣਾ ਫੈਸਲਾ ਰਾਖਵਾਂ ਰਖ ਲਿਆ। ਖਹਿਰਾ ਨੇ ਫਾਜ਼ਿਲਕਾ ਅਦਾਲਤ ਵੱਲੋਂ ਡਰੱਗ ਮਾਮਲੇ ਵਿਚ ਉਨ੍ਹਾਂ ਨੂੰ ਜਾਰੀ ਕੀਤੇ ਸੰਮਨਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।  ਜਸਟਿਸ ਏ ਬੀ ਚੌਧਰੀ ’ਤੇ ਅਧਾਰਤ ਇਕ ਮੈਂਬਰੀ ਬੈਂਚ ਨੇ ਪਟੀਸ਼ਨਰ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣੀਆਂ।  ਖਹਿਰਾ ਦੇ ਵਕੀਲ ਮਹਿਤਾਬ ਖਹਿਰਾ ਨੇ ਅਦਾਲਤ ਦੀ ਸੁਣਵਾਈ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਹਾਈ ਕੋਰਟ ਨੇ ਇਸ ਮਾਮਲੇ ’ਤੇ ਆਪਣਾ ਫੈਸਲਾ ਰਾਖਵਾਂ ਰਖ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਫਾਜ਼ਿਲਕਾ ਅਦਾਲਤ ਵੱਲੋਂ ਖਹਿਰਾ ਖ਼ਿਲਾਫ਼ ਜਾਰੀ ਕੀਤੇ ਗੈਰਜ਼ਮਾਨਤੀ     ਵਾਰੰਟਾਂ ’ਤੇ ਰੋਕ ਲਾ ਦਿੱਤੀ ਸੀ।  ਖਹਿਰਾ ਨੇ ਫਾਜ਼ਿਲਕਾ ਅਦਾਲਤ ਦੇ ਹੁਕਮਾਂ ਖ਼ਿਲਾਫ਼ 3 ਨਵੰਬਰ ਨੂੰ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ। ਆਪਣੀ ਪਟੀਸ਼ਨ ਵਿੱਚ ਖਹਿਰਾ ਨੇ ਕਿਹਾ ਸੀ ਕਿ ਉਸ ਨੂੰ ਡਰੱਗ ਮਾਮਲੇ ਵਿੱਚ ਮੁਲਜ਼ਮ ਬਣਾ ਕੇ ਉਸ ਦੇ ਵਕਾਰ ਨੂੰ ਢਾਹ ਲਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਹੇਠਲੀ ਅਦਾਲਤ ਨੇ ਕੇਸ ਨਿਪਟਾ ਲਿਆ ਹੈ ਅਤੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਤਾਂ ਉਸ ਨੂੰ ਹੁਣ ਸੰਮਨ ਕਿਉਂ ਭੇਜੇ ਜਾ ਰਹੇ ਹਨ। ਦੱਸਣਯੋਗ ਹੈ ਕਿ ਫਾਜ਼ਿਲਕਾ ਅਦਾਲਤ ਨੇ 31 ਅਕਤੂਬਰ ਨੂੰ ਖਹਿਰਾ ਨੂੰ 30 ਨਵੰਬਰ ਲਈ ਧਾਰਾ 319 ਤਹਿਤ ਸੰਮਨ ਜਾਰੀ ਕੀਤੇ ਸੀ। ਅਦਾਲਤ ਨੇ 2015 ਦੇ ਸਰਹੱਦ ਪਾਰੋਂ ਹੈਰੋਇਨ ਤਸਕਰੀ ਮਾਮਲੇ ਵਿੱਚ ਨੌਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਕੈਦ ਦੀ ਸਜ਼ਾ ਸੁਣਾਈ ਸੀ।