ਨਵੀਂ ਦਿੱਲੀ, 2 ਨਵੰਬਰ:  ਭਾਰਤ ਨੇ ਅੱਜ ਇਥੇ ਫ਼ਿਰੋਜ਼ਸ਼ਾਹ ਕੋਟਲਾ ਦੇ ਮੈਦਾਨ ’ਤੇ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀਆਂ ਤੇਜ਼ਤਰਾਰ ਪਾਰੀਆਂ ਤੇ ਸੈਂਕੜੇ ਵਾਲੀ ਭਾਈਵਾਲੀ ਤੇ ਮਗਰੋਂ ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਦੇ ਦਮ ’ਤੇ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਮੁਕਾਬਲੇ ’ਚ 53 ਦੌੜਾਂ ਨਾਲ ਹਰਾ ਦਿੱਤਾ। ਟੀ-20 ਵੰਨਗੀ ’ਚ ਵਿਸ਼ਵ ਦੀ ਨੰਬਰ ਇਕ ਟੀਮ ਖ਼ਿਲਾਫ਼ ਭਾਰਤ ਦੀ ਇਹ ਪਲੇਠੀ ਜਿੱਤ ਹੈ। ਮਹਿਮਾਨ ਟੀਮ ਭਾਰਤ ਵੱਲੋਂ ਜਿੱਤ ਲਈ ਦਿੱਤੇ 203 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਵਿਕਟਕੀਪਰ ਬੱਲੇਬਾਜ਼ ਟੌਮ ਲੇਧਮ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਨੇ 28 ਅਤੇ ਮਿਸ਼ੇਲ ਸੇਂਟਨਰ 27 ਦੌੜਾਂ ਨਾਲ ਨਾਬਾਦ ਰਿਹਾ। ਭਾਰਤ ਲਈ ਯੁਜ਼ਵੇਂਦਰ ਚਹਿਲ ਤੇ ਅਕਸ਼ਰ ਪਟੇਲ ਨੇ ਦੋ ਦੋ ਜਦਕਿ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਦੇ ਹਿੱਸੇ ਇਕ ਇਕ ਵਿਕਟ ਆਈ। ਵਿਦਾਇਗੀ ਮੈਚ ਖੇਡ ਰਿਹਾ ਅਸ਼ੀਸ਼ ਨੇਹਰਾ ਵਿਕਟ ਲੈਣ ’ਚ ਨਾਕਾਮ ਰਿਹਾ। ਉਸ ਨੇ 4 ਓਵਰਾਂ ’ਚ 29 ਦੌੜਾਂ ਦਿੱਤੀਆਂ। ਇਸ ਜਿੱਤ ਨਾਲ ਭਾਰਤ ਨੇ ਲੜੀ 1-0 ਦੀ ਲੀਡ ਲੈ ਲਈ ਹੈ। ਦੂਜਾ ਟੀ-20 ਸ਼ਨਿੱਚਰਵਾਰ ਨੂੰ ਰਾਜਕੋਟ ਵਿੱਚ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਵੱਲੋਂ ਟਾਸ ਜਿੱਤ ਕੇ ਦਿੱਤੇ ਸੱਦੇ ’ਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ (80) ਤੇ ਰੋਹਿਤ ਸ਼ਰਮਾ(80) ਵਿਚਾਲੇ ਰਿਕਾਰਡ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ’ਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 202 ਦੌੜਾਂ ਬਣਾਈਆਂ। ਧਵਨ ਤੇ ਰੋਹਿਤ ਨੇ ਸ਼ੁਰੂਆਤ ਵਿੱਚ ਕੁਝ ਇਹਤਿਆਤ ਵਰਤੀ ਤੇ ਮਗਰੋਂ ਕੁਝ ਆਕਰਸ਼ਕ ਸ਼ਾਟ ਜੜੇ। ਆਪਣੇ ਘਰੇਲੂ ਮੈਦਾਨ ’ਤੇ ਖੇਡ ਰਹੇ ਧਵਨ ਨੇ 52 ਗੇਂਦਾਂ ’ਚ 9 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਪਹਿਲੀ ਵਿਕਟ ਲਈ 158 ਦੌੜਾਂ ਜੋੜੀਆਂ, ਜੋ ਭਾਰਤ ਵੱਲੋਂ ਕਿਸੇ ਵੀ ਵਿਕਟ ਲਈ ਸਰਵੋਤਮ ਭਾਈਵਾਲੀ ਹੈ। ਉਧਰ ਰੋਹਿਤ ਨੇ ਵੀ 55 ਗੇਂਦਾਂ ’ਤੇ 80 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਨੇ ਪਾਰੀ ਦੌਰਾਨ ਚਾਰ ਛੱਕੇ ਤੇ ਛੇ ਚੌਕੇ ਲਾਏ। ਰੋਹਿਤ ਨੇ ਸੁਰੇਸ਼ ਰੈਨਾ (265 ਛੱਕੇ) ਦੇ ਰਿਕਾਰਡ ਨੂੰ ਵੀ ਤੋੜਿਆ। ਭਾਰਤੀ ਬੱਲੇਬਾਜ਼ ਹੁਣ ਟੀ-20 ਮੈਚਾਂ ’ਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਧਰ ਕਪਤਾਨ ਵਿਰਾਟ ਕੋਹਲੀ ਨੂੰ ਡੈੱਥ ਓਵਰਾਂ ’ਚ ਬੱਲੇਬਾਜ਼ੀ ਦਾ ਮੌਕਾ ਮਿਲਿਆ। ਕਪਤਾਨ ਨੇ 11 ਗੇਂਦਾਂ ’ਚ 26 ਦੌੜਾਂ ਬਣਾਈਆਂ। ਕੋਹਲੀ ਦੇ ਮੈਦਾਨ ’ਚ ਪੈਰ ਧਰਨ ਮਗਰੋਂ ਭਾਰਤ ਨੇ 20 ਗੇਂਦਾਂ ’ਚ 44 ਦੌੜਾਂ ਜੋੜੀਆਂ। ਮਹਿੰਦਰ ਸਿੰਘ ਧੋਨੀ ਸੱਤ ਦੌੜਾਂ ਨਾਲ ਨਾਬਾਦ ਰਿਹਾ।