ਚੰਡੀਗੜ੍ਹ— ਪੰਜਾਬ ‘ਚ 17 ਸਾਲਾਂ ਪਹਿਲਾਂ ਅਣਖ ਖਾਤਰ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਨੂੰ ਮਰਵਾਉਣ ਵਾਲੀ ਮਾਂ ਮਲਕੀਤ ਕੌਰ ਸਿੱਧੂ (67) ਅਤੇ ਉਸ ਦੇ ਭਰਾ ਸੁਰਜੀਤ ਸਿੰਘ ਬਦੇਸ਼ਾ (72) ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਸ ਦੀ ਟੀਮ ਕੈਨੇਡਾ ਰਵਾਨਾ ਹੋ ਗਈ ਹੈ। ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਈ.ਪੀ.ਐੱਸ. ਅਫਸਰ ਕੰਵਰਦੀਪ ਕੌਰ, ਜੋ ਇਸ ਸਮੇਂ ਅੱੈਸ.ਪੀ. (ਹੈੱਡਕੁਆਰਟਰ) ਪਟਿਆਲਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਦੀ ਅਗਵਾਈ ਹੇਠ ਟੀਮ ਭੇਜੀ ਜਾ ਰਹੀ ਹੈ। ਪੰਜਾਬ ਪੁਲਸ ਦੀ ਇਸ ਟੀਮ ਨੇ ਸੀ.ਬੀ.ਆਈ. ਰਾਹੀਂ ਕੈਨੇਡੀਅਨ ਪੁਲਸ ਨਾਲ ਰਾਬਤਾ ਬਣਾ ਕੇ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਹੈ।

ਸੁਰਜੀਤ ਸਿੰਘ ਬਦੇਸ਼ਾ ਅਤੇ ਉਸ ਦੀ ਭੈਣ ਮਲਕੀਤ ਕੌਰ ਸਿੱਧੂ ਇਸ ਸਮੇਂ ਕੈਨੇਡਾ ਪੁਲਸ ਦੀ ਹਿਰਾਸਤ ‘ਚ ਹਨ। ਕੈਨੇਡਾ ਦੀ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਇਨ੍ਹਾਂ ਦੋਹਾਂ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ। ਪੁਲਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਦੋਹਾਂ ਨੂੰ ਪੰਜਾਬ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਸਾਲ 2000 ‘ਚ ਹੋਏ ਕਤਲ ‘ਤੇ ਮੁੜ ਸੁਣਵਾਈ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਜੱਸੀ ਸਿੱਧੂ ਦੇ ਕਤਲ ਦਾ ਮੁਕੱਦਮਾ ਸੰਗਰੂਰ ‘ਚ ਚੱਲਣਾ ਹੈ। ਪੁਲਸ ਇਨ੍ਹਾਂ ਦੋਹਾਂ ਦੋਸ਼ੀਆਂ ਦੀ ਹਵਾਲਗੀ ਨੂੰ ਵੱਡੀ ਪ੍ਰਾਪਤੀ ਮੰਨ ਰਹੀ ਹੈ। ਕੈਨੇਡਾ ਤੋਂ ਪੰਜਾਬ ਪੁੱਜਣ ਮਗਰੋਂ ਜੱਸੀ ਦੇ ਮਾਮੇ ਅਤੇ ਮਾਂ ‘ਤੇ ਕਾਰਵਾਈ ਹੋਵੇਗੀ।