ਜੰਡਿਆਲਾ ਗੁਰੂ,  ਇੱਥੇ ਜੀਟੀ ਰੋਡ ’ਤੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲੀਆਂ, ਜਿਸ ਕਾਰਨ ਇਲਾਕੇ ਦੇ ਲੋਕ ਸਹਿਮ ਗਏ।
ਜਾਣਕਾਰੀ ਅਨੁਸਾਰ ਜੀਟੀ ਰੋਡ ਤੋਂ ਜੰਡਿਆਲਾ ਗੁਰੂ ਗੁਰਦੁਆਰਾ ਬਾਬਾ ਹੰਦਾਲ ਵਾਲੀ ਸੜਕ ’ਤੇ ਐਵਰਗ੍ਰੀਨ ਕਲੋਨੀ ਨੇੜੇ ਦੋ ਧੜਿਆਂ ਵਿੱਚ ਦੁਪਹਿਰ ਵੇਲੇ ਆਹਮੋ-ਸਾਹਮਣੇ ਗੋਲੀਆਂ ਚੱਲੀਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਮੋਟਰਸਾਈਕਲ ਸਵਾਰ ਜੰਡਿਆਲਾ ਵਾਲੇ ਪਾਸਿਓਂ ਆ ਰਹੇ ਸਨ। ਜਲੰਧਰ ਵਾਲੇ ਪਾਸਿਓਂ ਆਏ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰਾਂ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਰ ਸਵਾਰਾਂ ਵਿੱਚੋਂ ਇੱਕ ਵਿਅਕਤੀ ਦੇ ਦੋਹਾਂ ਹੱਥਾਂ ਵਿੱਚ ਪਿਸਤੌਲ ਫੜੇ ਹੋਏ ਸਨ। ਜਵਾਬ ਵਿੱਚ ਮੋਟਰਸਾਈਕਲ ਸਵਾਰਾਂ ਨੇ ਵੀ ਫਾਇਰਿੰਗ ਕੀਤੀ। ਕਰੀਬ ਦੋ-ਤਿੰਨ ਮਿੰਟ ਚੱਲੀ ਇਸ ਫਾਇਰਿੰਗ ਕਾਰਨ ਜੀਟੀ ਰੋਡ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਗੋਲੀਬਾਰੀ ਬਾਰੇ ਪਤਾ ਲੱਗਦਿਆਂ ਹੀ ਡੀਐਸਪੀ (ਜੰਡਿਆਲਾ ਗੁਰੂ) ਗੁਰਪ੍ਰਤਾਪ ਸਿੰਘ ਸਹੋਤਾ ਅਤੇ ਐਸਐਚਓ ਹਰਪਾਲ ਸਿੰਘ ਮੌਕੇ ’ਤੇ ਪੁੱਜੇ, ਪਰ ਉਦੋਂ ਤੱਕ ਹਮਲਾਵਰ ਫ਼ਰਾਰ ਹੋ ਗਏ ਹਨ। ਡੀਐਸਪੀ ਸਹੋਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਇਸ ਗੋਲੀ ਕਾਂਡ ਵਿੱਚ ਸ਼ਾਮਲ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਡੀਐਸਪੀ ਨੇ ਦੱਸਿਆ ਕਿ ਨੇੜਲੇ ਹੋਟਲਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਛਾਣਬੀਣ ਕੀਤੀ ਜਾ ਰਹੀ ਹੈ।