ਬੰਗਲੌਰ, ਭਾਰਤੀ ਟੀਮ ਭਲਕੇ ਜਦੋਂ ਚੌਥੇ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ਵਿੱਚ ਮੁਸ਼ਕਲਾਂ ਵਿੱਚ ਘਿਰੀ ਆਸਟਰੇਲੀਅਨ ਟੀਮ ਨਾਲ ਭਿੜੇਗੀ ਤਾਂ ਉਸ ਦੇ ਹਮਲਾਵਰ ਰੁਖ਼ ਵਿੱਚ ਕੋਈ ਘਾਟ ਨਹੀਂ ਆਵੇਗੀ ਕਿਉਂਕਿ ਉਸ ਦੀਆਂ ਨਜ਼ਰਾਂ ਇੱਕ ਹੋਰ ਲੜੀ ਵਿੱਚ ਹੂੰਝਾ ਫੇਰਨ ਦੇ ਨੇੜੇ ਪੁੱਜਣ ’ਤੇ ਲੱਗੀਆਂ ਹੋਈਆਂ ਹਨ। ਕਪਤਾਨ ਵਿਰਾਟ ਕੋਹਲੀ ਦੀ ਟੀਮ ਇਸ ਵੇਲੇ ਸ਼ਾਨਦਾਰ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਕੱਲ੍ਹ ਦੇ ਟਰੇਨਿੰਗ ਸੈਸ਼ਨ ਵਿੱਚ ਖਿਡਾਰੀਆਂ ਦੇ ਜਜ਼ਬੇ ਨੂੰ ਜੇ ਸੰਕੇਤ ਮੰਨਿਆ ਜਾਵੇ ਤਾਂ ਜੇਤੂ ਲੈਅ ਜਾਰੀ ਰਹਿਣ ਦੀ ਆਸ ਹੈ। ਭਾਰਤ ਨੇ ਪਹਿਲੇ ਤਿੰਨ ਮੈਚਾਂ ਵਿੱਚ ਜਿੱਤ ਦਰਜ ਕਰ ਕੇ ਪੰਜ ਮੈਚਾਂ ਦੀ ਲੜੀ ਵਿੱਚ ਅਜੇਤੂ ਲੈਅ ਹਾਸਲ ਕਰ ਲਈ ਹੈ, ਜਿਸ ਨਾਲ ਮਿਹਮਾਨ ਟੀਮ ’ਤੇ ਲੜੀ ਉਤੇ ਹੂੰਝਾ ਫਿਰਨ ਦਾ ਖ਼ਤਰਾ ਬਣਿਆ ਹੋਇਆ ਹੈ। ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਲਗਾਤਾਰ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਹਾਰਦਿਕ ਪਾਂਡਿਆ ਵੱਲੋਂ ਹਰਫਨਮੌਲਾ ਖਿਡਾਰੀ ਵਜੋਂ ਨਵੀਆਂ ਪੁਲਾਘਾਂ ਪੁੱਟੇ ਜਾਣ ਸਦਕਾ ਟੀਮ ਨੂੰ ਵੀ ਨਵੀਂ ਸੇਧ ਮਿਲ ਰਹੀ ਹੈ। ਪਾਂਡਿਆ ਨੇ ਪਹਿਲੇ ਇੱਕਰੋਜ਼ਾ ਮੈਚ ਵਿੱਚ 83 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡਣ ਤੋਂ ਬਾਅਦ ਇੰਦੌਰ ਵਿੱਚ ਪਿਛਲੇ ਮੈਚ ਵਿੱਚ 78 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ 294 ਦੌੜਾਂ ਦਾ ਟੀਚਾ ਸੌਖਿਆਂ ਹੀ ਸਰ ਕਰ ਕੇ ਲੜੀ ਵਿੱਚ 3-0 ਦੀ ਲੀਡ ਹਾਸਲ ਕਰ ਲਈ।
ਰੋਹਿਤ ਸ਼ਰਮਾ ਅਤੇ ਅਜਿੰਕਿਆ ਰਹਾਣੇ ਨੇ ਵੀ ਆਪਣੀ ਭੂਮਿਕਾ ਬਿਹਤਰੀਨ ਢੰਗ ਨਾਲ ਨਿਭਾਈ ਹੈ। ਦੋਵਾਂ ਨੇ ਅਰਧ-ਸੈਂਕੜੇ ਜੜ ਕੇ ਪਹਿਲੀ ਵਿਕਟ ਲਈ 131 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਲਈ ਕੇਦਾਰ ਜਾਧਵ ਅਤੇ ਮਨੀਸ਼ ਪਾਂਡੇ ਵੀ ਬੱਲੇ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਸਕਦੇ ਹਨ। ਹਾਲਾਂਕਿ ਭਲਕ ਦੇ ਮੈਚ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਸਥਾਨਕ ਖਿਡਾਰੀ ਲੋਕੇਸ਼ ਰਾਹੁਲ ਲਈ ਥਾਂ ਬਣਾਉਣੀ ਪਵੇਗੀ। ਬੱਲੇਬਾਜ਼ੀ ਸਦਾ ਹੀ ਭਾਰਤੀ ਟੀਮ ਦੀ ਮਜ਼ਬੂਤੀ ਰਹੀ ਹੈ ਪਰ ਟੀਮ ਗੇਂਦਬਾਜ਼ੀ ਨਾਲ ਵੀ ਵਿਰੋਧੀ ਟੀਮ ਨੂੰ ਪ੍ਰਭਾਵਿਤ ਕਰੇਗੀ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾ ਆਸਟਰੇਲੀਆ ਦੇ ਸਿਖਰਲੇ ਕ੍ਰਮ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਡੈੱਥ ਓਵਰਾਂ ਵਿੱਚ ਉਨ੍ਹਾਂ ਨੇ ਹੋਰਨਾਂ ਖਿਡਾਰੀਆਂ ਦੀਆਂ ਵੀ ਮੁਸ਼ਕਲਾਂ ਵਧਾਈਆਂ। ਉਧਰ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਦੀ ਸਪਿੰਨ ਜੋੜੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਾਰਿਆਂ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਸਦਕਾ ਭਾਰਤ ਨੂੰ ਕਿਤੇ ਵੀ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਘਾਟ ਮਹਿਸੂਸ ਨਹੀਂ ਹੋਈ। ਯਾਦਵ ਨੇ ਕੋਲਕਾਤਾ ਵਿੱਚ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਝਕਾਨੀ ਦੇ ਕੇ ਹੈਟ੍ਰਿਕ ਬਣਾਈ ਅਤੇ ਇਸ ਪ੍ਰਾਪਤੀ ਨਾਲ ਉਹ ਕਪਿਲ ਦੇਵ ਅਤੇ ਚੇਤਨ ਸ਼ਰਮਾ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ।
ਭਾਰਤੀ ਬੱਲੇਬਾਜ਼ੀ ਲਾਈਨਅਪ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਹਰ ਬੱਲੇਬਾਜ਼ ਮੁਸ਼ਕਲ ਵਿੱਚ ਟੀਮ ਲਈ ਯੋਗਦਾਨ ਪਾਉਣ ਵਿੱਚ ਕਾਮਯਾਬ ਰਿਹਾ ਹੈ। ਲੜੀ ਦੇ ਸ਼ੁਰੂਆਤੀ ਮੈਚ ਵਿੱਚ ਜਦੋਂ ਸਿਖਰਲਾ ਕ੍ਰਮ ਡਾਵਾਂਡੋਲ ਹੋਇਆ ਤਾਂ ਮੱਧ ਤੇ ਹੇਠਲੇ ਕ੍ਰਮ ਨੇ ਟੀਮ ਨੂੰ ਚੰਗੇ ਸਕੋਰ ਤੱਕ ਪੁਚਾਇਆ। ਹਾਲਾਂਕਿ ਤੀਜੇ ਇੱਕਰੋਜ਼ਾ ਮੈਚ ਵਿੱਚ ਦੋਵੇਂ ਕ੍ਰਮ ਸਫ਼ਲ ਰਹੇ। ਪਾਂਡਿਆ ਨੇ ਆਪਣੇ ਹਰਫਨਮੌਲਾ ਪ੍ਰਦਰਸ਼ਨ ਨਾਲ ਵਾਹ ਵਾਹ ਖੱਟੀ ਹੈ ਤੇ ਉਹ ਆਪਣੇ ਵਿਰੋਧੀਆਂ ਲਈ ਖ਼ਤਰਾ ਹੈ। ਐਸ਼ੇਜ਼ ਤੋਂ ਪਹਿਲਾਂ ਆਸਟਰੇਲੀਅਨ ਟੀਮ ਯਕੀਨੀ ਤੌਰ ’ਤੇ ਭਾਰਤ ਖ਼ਿਲਾਫ਼ ਇਨ੍ਹਾਂ ਦੋ ਆਖਰੀ ਮੁਕਾਬਲਿਆਂ ਵਿੱਚ ਲੈਅ ਹਾਸਲ ਕਰਨਾ ਚਾਹੇਗੀ। ਹਾਲਾਂਕਿ ਅਜਿਹਾ ਇਸ ਵੇਲੇ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ ਪਰ ਫੇਰ ਵੀ ਆਸਟਰੇਲੀਆ ਜਾਣਦਾ ਹੈ ਕਿ ਐਸ਼ੇਜ਼ ਤੋਂ ਪਹਿਲਾਂ ਵਾਪਸੀ ਕਰਨੀ ਜ਼ਰੂਰੀ ਹੈ। ਆਸਟਰੇਲੀਆ ਨੂੰ ਆਪਣੀ ਸਰਜ਼ਮੀਂ ਤੋਂ ਬਾਹਰ ਲਗਾਤਾਰ 11 ਇੱਕ ਰੋਜ਼ਾ ਮੈਚਾਂ ਵਿੱਚ ਹਾਰ ਮਿਲੀ ਹੈ। ਉਸ ਨੇ ਪਿਛਲੇ 14 ਵਿੱਚੋਂ ਪੰਜ ਟੈਸਟ ਮੈਚਾਂ ਵਿੱਚ ਜਿੱਤ ਦਰਜ ਕੀਤੀ, ਜਿਨ੍ਹਾਂ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡੇ ਤਿੰਨ ਮੈਚ ਵੀ ਸ਼ਾਮਲ ਹਨ। ਆਸਟਰੇਲੀਅਨ ਟੀਮ ਸਵੈਭਰੋਸੇ ਨਾਲ ਭਰੀ ਭਾਰਤੀ ਟੀਮ ਨੂੰ ਰੋਕਣ ਲਈ ਰਣਨੀਤੀ ਲੱਭਣ ਲਈ ਜੂਝ ਰਹੀ ਹੈ ਅਤੇ ਟੀਮ ਲਈ ਸਭ ਤੋਂ ਵੱਡੀ ਚਿੰਤਾ ਗਲੈਨ ਮੈਕਸਵੈਲ ਦੀ ਅਸਫ਼ਲਤਾ ਹੈ। ਆਸਟਰੇਲੀਆ ਉਮੀਦ ਕਰੇਗਾ ਕਿ ਕਪਤਾਨ ਸਟੀਵਨ ਸਮਿੱਥ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਰਹਿੰਦੇ ਮੈਚਾਂ ਵਿੱਚ ਤੇਜ਼-ਤਰਾਰ ਖੇਡ ਦਾ ਪ੍ਰਦਰਸ਼ਨ ਕਰਨ। ਮੈਚ ਵਾਲੇ ਦਿਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਪਰ ਦਰਸ਼ਕ ਉਮੀਦ ਕਰਨਗੇ ਕਿ ਮੀਂਹ ਖੇਡ ਵਿੱਚ ਅੜਿੱਕਾ ਨਾ ਬਣੇ।
ਚੰਗੇ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੇ ਆਸਟਰੇਲੀਆ: ਇੱਕ ਰੋਜ਼ਾ ਲੜੀ ਭਾਵੇਂ ਆਸਟਰੇਲੀਆ ਦੇ ਹੱਥਾਂ ਵਿੱਚੋਂ ਨਿਕਲ ਗਈ ਹੋਵੇ ਪਰ ਆਸਟਰੇਲੀਆ ਦੇ ਉਪ ਕਪਤਾਨ ਡੇਵਿਡ ਵਾਰਨਰ ਨੇ ਕਿਹਾ ਕਿ ਟੀਮ ਭਾਰਤ ਖ਼ਿਲਾਫ਼ ਵਾਪਸੀ ਕਰਨ ਦੀ ਕੋਸ਼ਿਸ਼ ਕਰਨੀ ਨਹੀਂ ਛੱਡੇਗੀ ਅਤੇ ਆਗਾਮੀ ਐਸ਼ੇਜ਼ ਤੋਂ ਪਹਿਲਾਂ ਲੈਅ ਹਾਸਲ ਕਰਨਾ ਚਾਹੁੰਦੀ ਹੈ। ਮੇਜ਼ਬਾਨ ਟੀਮ ਹੱਥੋਂ ਸ਼ੁਰੂਆਤੀ ਤਿੰਨ ਮੈਚਾਂ ਵਿੱਚ ਹਾਰ ਕਾਰਨ ਮੌਜੂਦਾ ਵਿਸ਼ਵ ਚੈਂਪੀਅਨ ਹੱਥੋਂ ਪੰਜ ਮੈਚਾਂ ਦੀ ਲੜੀ ਨਿਕਲ ਗਈ ਹੈ। ਸਟੀਵਨ ਸਮਿੱਥ ਦੀ ਅਗਵਾਈ ਵਾਲੀ ਟੀਮ ਅੰਤਿਮ ਦੋ ਇੱਕ ਰੋਜ਼ਾ ਮੈਚਾਂ ਅਤੇ ਫੇਰ ਤਿੰਨ ਟੀ-20 ਕੌਮਾਂਤਰੀ ਮੈਚਾਂ ਵਿੱਚ ਐਸ਼ੇਜ਼ ਤੋਂ ਪਹਿਲਾਂ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ, ਜਿਹੜੀ 23 ਨਵੰਬਰ ਤੋਂ ਬ੍ਰਿਸਬਨ ਵਿੱਚ ਸ਼ੁਰੂ ਹੋ ਰਹੀ ਹੈ। ਉਸ ਨੇ ਕਿਹਾ ਕਿ ਲੜੀ ਵਿੱਚ ਹਾਰ ਨਿਰਾਸ਼ ਕਰਨ ਵਾਲੀ ਤਾਂ ਹੈ ਪਰ ਉਹ ਟੀ-20 ਅਤੇ ਆਖਰੀ ਦੋ ਮੈਚਾਂ ਵਿੱਚ ਚੰਗੇ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ।
ਚਾਹਲ ਨੇ ਮੈਕਸਵੈੱਲ ਦੀ ‘ਕਮਜ਼ੋਰੀ’ ਲੱਭੀ: ਯੁਜਵੇਂਦਰ ਚਾਹਲ ਨੇ ਚੱਲ ਰਹੀ ਇੱਕ ਰੋਜ਼ਾ ਲੜੀ ਵਿੱਚ ਗਲੈਨ ਮੈਕਸਵੈੱਲ ਨੂੰ ਆਊਟ ਕਰਨ ਵਿੱਚ ਦੇਰ ਨਹੀਂ ਲਾਈ ਹੈ ਤੇ ਹਰਿਆਣਾ ਦੇ ਇਸ ਲੈੱਗ ਸਪਿੰਨਰ ਦਾ ਕਹਿਣਾ ਹੈ ਕਿ ਆਸਟਰੇਲੀਆ ਦੇ ਇਸ ਤੇਜ਼-ਤਰਾਰ ਬੱਲੇਬਾਜ਼ ਨੂੰ ਔਫ਼ ਸਟੰਪ ਤੋਂ ਬਾਹਰ ਜਾਂਦੀਆਂ ਗੇਂਦਾਂ ਖੇਡਣ ਵਿੱਚ ਦਿੱਕਤ ਆਉਂਦੀ ਹੈ। ਚਾਹਲ ਨੇ ਹੁਣ ਤੱਕ ਖੇਡੇ ਤਿੰਨੇ ਮੈਚਾਂ ਵਿੱਚ ਮੈਕਸਵੈੱਲ ਨੂੰ ਆਊਟ ਕੀਤਾ ਹੈ। ਚਾਹਲ ਨੇ ਕਿਹਾ, ‘ਮੈਕਸਵੈੱਲ ਲਈ ਮੇਰੀ ਰਣਨੀਤੀ ਸਟੰਪ ’ਤੇ ਗੇਂਦਬਾਜ਼ੀ ਕਰਨ ਦੀ ਨਹੀਂ ਹੁੰਦੀ। ਮੈਂ ਉਸ ਲਈ ਔਫ਼ ਸਟੰਪ ਤੋਂ ਬਾਹਰ ਗੇਂਦ ਕਰਦਾ ਹਾਂ ਅਤੇ ਆਪਣੀ ਰਫ਼ਤਾਰ ਵਿੱਚ ਵੀ ਬਦਲਾਅ ਕਰਦਾ ਹਾਂ। ਮੈਨੂੰ ਪਤਾ ਹੈ ਕਿ ਜੇ ਮੈਂ ਦੋ ਤਿੰਨ ਗੇਂਦਾਂ ਖਾਲੀ ਸੁੱਟ ਦੇਵਾਂ ਤਾਂ ਉਹ ਬਾਹਰ ਆ ਕੇ ਲੰਬਾ ਸ਼ਾਟ ਖੇਡਣਾ ਚਾਹੇਗਾ। ਉਸ ਨੇ ਕਿਹਾ ਕਿ ਮੈਕਸਵੈਲ ਤੋਂ ਇਲਾਵਾ ਡੇਵਿਡ ਵਾਰਨਰ ਵੀ ਖ਼ਤਰਾ ਹੋਵੇਗਾ ਭਾਵੇਂ ਉਹ ਚੰਗੀ ਲੈਅ ਵਿੱਚ ਨਹੀਂ ਹੈ।