ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਹਿੰਮ ਮਘਾਉਣ ਲਈ ਇਸ ਵਿੱਚ ਪੈਂਦੇ ਹਰੇਕ ਵਿਧਾਨ ਸਭਾ ਹਲਕੇ ਨੂੰ ਪੰਦਰਾਂ ਪੰਦਰਾਂ ਜ਼ੋਨਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ। ਵੱਡੇ ਵਿਧਾਨ ਸਭਾ ਹਲਕਿਆਂ ਦੇ 17 ਜ਼ੋਨ ਬਣਾਏ ਜਾਣਗੇ। ਇਸ ਫੈਸਲੇ ਨੂੰ ਨਾਵਾਂ ਦੀ ਵਾਪਸੀ ਵਾਲੇ ਦਿਨ 27 ਸਤੰਬਰ ਤੋਂ ਲਾਗੂ ਕਰ ਦਿੱਤਾ ਜਾਵੇਗਾ। ਕਾਂਗਰਸ ਉਮੀਦਵਾਰ ਨੇ ਅੱਜ ਸ਼ਾਮੀਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਚਾਰ ਦਾ ਪਹਿਲਾਂ ਗੇੜ ਮੁਕੰਮਲ ਕਰ ਲਿਆ ਤੇ ਹਰੇਕ ਹਲਕੇ ਵਿੱਚ ਤੇਜ਼ੀ ਨਾਲ ਦਫ਼ਤਰ ਖੋਲ੍ਹੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ 27 ਸਤੰਬਰ ਨੂੰ ਕਾਂਗਰਸ ਦੇ ਲਗਪਗ ਸਾਰੇ ਵਿਧਾਇਕ ਅਤੇ ਇਕ ਮੰਤਰੀ ਨੂੰ ਛੱਡ ਕੇ ਸਾਰੇ ਮੰਤਰੀ ਇਸ ਲੋਕ ਸਭਾ ਹਲਕੇ ਵਿੱਚ ਪੁੱਜਣਗੇ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਪਹਿਲਾਂ ਹੀ ਰੈਲੀਆਂ ਤੇ ਮੀਟਿੰਗਾਂ ਕਰ ਰਹੇ ਹਨ। ਕਾਂਗਰਸ ਅਤੇ ਕੈਪਟਨ ਸਰਕਾਰ ਵੱਲੋਂ ਇਸ ਚੋਣ ਨੂੰ ਵੱਕਾਰ ਦਾ ਸੁਆਲ ਬਣਾ ਕੇ ਲੜਨ ਦਾ ਫੈਸਲਾ ਕਰਨ ਬਾਅਦ ਹੀ ਜ਼ਿਮਨੀ ਚੋਣ ਵਿੱਚ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੂੰ ਮੈਦਾਨ ਵਿੱਚ ਉਤਾਰਿਆ ਹੈ ਤੇ ਉਨ੍ਹਾਂ ਨੂੰ ਜਿਤਾਉਣ ਵਾਸਤੇ ਪੂਰਾ ਤਾਣ ਲਾਉਣ ਦੀਆਂ ਤਿਆਰੀਆਂ ਹਨ। ਸਰਕਾਰ ਅਤੇ ਪਾਰਟੀ ਨਾਲੋਂ ਉਨ੍ਹਾਂ ਸੱਤ ਕਾਂਗਰਸ ਵਿਧਾਇਕਾਂ ਤੇ ਦੋ ਮੰਤਰੀਆਂ ਦਾ ਵੱਧ ਜ਼ੋਰ  ਲੱਗ ਰਿਹਾ ਹੈ, ਜਿਨ੍ਹਾਂ ਇਸ ਹਲਕੇ ਤੋਂ ਜਾਖੜ ਨੂੰ ਉਮੀਦਵਾਰ ਬਣਾਉਣ ਲਈ  ਲਾਮਬੰਦੀ ਕੀਤੀ ਸੀ। ਇਨ੍ਹਾਂ ਵਿੱਚ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਮੋਹਰੀਆਂ ਵਿੱਚੋਂ ਸਨ। ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਸੰਦੀਪ ਸੰਧੂ ਚੋਣ ਦਾ ਐਲਾਨ ਹੋਣ ਤੋਂ ਬਾਅਦ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਗੁਰਦਾਸਪੁਰ ਪਹੁੰਚ ਗਏ ਹਨ ਤੇ ਉਨ੍ਹਾਂ ਕਾਂਗਰਸ ਵਿਧਾਇਕਾਂ ਤੇ ਮੰਤਰੀਆਂ ਸਮੇਤ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਲਈ ਹੈ। ਕਾਂਗਰਸ ਉਮੀਦਵਾਰ ਨੇ ਆਪਣੇ ਚੋਣ ਪ੍ਰਚਾਰ ਦਾ ਪਹਿਲਾਂ ਗੇੜ ਅੱਜ ਸ਼ਾਮੀਂ ਮੁਕੰਮਲ ਕਰ ਲਿਆ ਹੈ। ਇਸ ਲਿਹਾਜ਼ ਨਾਲ ਉਹ ਆਪਣੇ ਵਿਰੋਧੀ ਉਮੀਦਵਾਰਾਂ ਨਾਲੋਂ ਪ੍ਰਚਾਰ ਵਿੱਚ ਅੱਗੇ ਹਨ।  ਉਨ੍ਹਾਂ ਚੋਣ ਪ੍ਰਚਾਰ ਦੇ ਅਗਲੇ ਗੇੜ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਕਿਸੇ ਕੇਂਦਰੀ ਆਗੂ ਦੇ ਆਉਣ ਦੀ ਸੰਭਾਵਨਾ ਮੱਧਮ ਹੈ ਤੇ ਪ੍ਰਚਾਰ ਦੀ ਕਮਾਂਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੀ ਹੋਵੇਗੀ ਤੇ ਉਹ ਹਲਕੇ ਵਿੱਚ ਕਿਸ ਕਿਸ ਦਿਨ ਆਉਣਗੇ ਤੇ ਕਿੱਥੇ ਕਿੱਥੇ ਰੈਲੀਆਂ ਤੇ ਮੀਟਿੰਗਾਂ ਨੂੰ ਸੰਬੋਧਨ ਕਰਨਗੇ, ਉਸ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਜ਼ਿਮਨੀ ਚੋਣ ਵਿੱਚ ਮੁੱਖ ਟੱਕਰ ਕਾਂਗਰਸ ਅਤੇ ਭਾਜਪਾ ਉਮੀਦਵਾਰ ਵਿਚਾਲੇ ਹੋਵੇਗੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਕਾਰਗੁਜ਼ਾਰੀ ਦੇਖਣੀ ਅਹਿਮ ਹੋਵੇਗੀ। ਇਸ ਚੋਣ ਤੋਂ ਹੀ ‘ਆਪ’ ਦਾ ਪੰਜਾਬ ਅਤੇ ਖਾਸ ਤੌਰ ’ਤੇ ਮਾਝਾ ਵਿੱਚ ਭਵਿੱਖ ਤੈਅ ਹੋਵੇਗਾ।

ਭਾਵੜਾ ਵੱਲੋਂ ਵਿੱਤ ਸਕੱਤਰ ਨਾਲ ਮੁਲਾਕਾਤ
ਪੰਜਾਬ ਦੇ ਡੀ.ਜੀ.ਪੀ. (ਪ੍ਰੋਵੀਜ਼ਨਿੰਗ ਤੇ ਮਾਡਰਨਾਈਜੇਸ਼ਨ) ਵੀ.ਕੇ. ਭਾਵੜਾ ਅੱਜ ਵਿੱਤ ਸਕੱਤਰ ਅਨੀਰੁੱਧ ਤਿਵਾੜੀ ਨੂੰ ਮਿਲੇ ਤੇ ਗੁਰਦਾਸਪੁਰ ਲੋਕ ਹਲਕੇ ਦੀ ਜ਼ਿਮਨੀ ਚੋਣ ਲਈ ਸੁਰੱਖਿਆ ਪ੍ਰਬੰਧਾਂ ’ਤੇ ਆਉਣ ਵਾਲੇ ਖਰਚੇ ਲਈ ਪੰਜ ਤੋਂ ਛੇ ਕਰੋੜ ਰੁਪਏ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਵਿੱਤ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੈਸਾ ਜਲਦੀ ਜਾਰੀ ਕਰ ਦਿੱਤਾ ਜਾਵੇਗਾ।