ਅੰਮ੍ਰਿਤਸਰ, ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਬਾਅਦ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰੇ ਨਾਲ ਜੁੜੇ  ‘ਭੁਲੜ’ ਸਿੱਖਾਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅਜਿਹੇ ਭੁੱਲੜ ਸਿੱਖਾਂ ਨੂੰ ਘਰ ਵਾਪਸੀ ਉੱਤੇ ‘ਜੀ ਆਇਆਂ ਨੂੰ’ ਆਖਿਆ ਜਾਵੇਗਾ। ਅੱਜ ਇੱਥੇ ਸੱਦੇ ਮੀਡੀਆ ਸੰਮੇਲਨ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਫੈਸਲੇ ਨਾਲ ਲੋਕਾਂ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਸਕੂਨ ਮਿਲਿਆ ਹੈ। ਡੇਰਾ ਮੁਖੀ ਇੱਕ ਵਿਵਾਦਤ ਸਖਸ਼ੀਅਤ ਸੀ, ਜਿਸ ਨੇ ਧੀਆਂ ਦੀ ਉਮਰ ਦੀਆਂ ਸਾਧਵੀਆਂ ਨਾਲ ਬਲਾਤਕਾਰ ਕੀਤਾ। ਉਨ੍ਹਾਂ ਭੁਲੜ ਲੋਕਾਂ ਦੀ ਪੰਥ ਵਿੱਚ ਵਾਪਸੀ ਲਈ ਸ਼੍ਰੋਮਣੀ ਕਮੇਟੀ ਨੂੰ ਵੀ ਆਖਿਆ ਕਿ ਉਹ ਮਾਲਵਾ ਪੱਟੀ ਦੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਪ੍ਰਚਾਰ ਮੁਹਿੰਮ ਅਰੰਭੇ ਅਤੇ ਸਿੱਖਾਂ ਦੀ ਘਰ ਵਾਪਸੀ ਲਈ ਉਚਿਤ ਪ੍ਰਬੰਧ ਕਰੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਮਾਲਵਾ ਸਮੇਤ ਹੋਰ ਇਲਾਕਿਆਂ ਵਿੱਚ ਜਿੱਥੇ ਡੇਰਿਆਂ ਦਾ ਜ਼ੋਰ ਹੈ, ਉਥੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਆਰੰਭੀ ਜਾਵੇਗੀ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਵਿਚਾਰ ਚਰਚਾ ਵੀ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਸੁਝਾਅ ਵੀ ਦਿੱਤਾ ਕਿ ਸਿੱਖ ਨੌਜਵਾਨਾਂ ਨੂੰ ਧਰਮ ਨਾਲ ਜੋੜਣ ਅਤੇ ਰੁਜ਼ਗਾਰ ਮੁਹਈਆ ਕਰਾਉਣ ਲਈ ਸੰਸਥਾ ਆਪਣੇ ਕਾਰਖਾਨੇ ਸ਼ੁਰੂ ਕਰੇ।  ਪਿਛਲੇ ਵਰ੍ਹੇ ਸਤੰਬਰ ਮਹੀਨੇ ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਅਤੇ ਮੁੜ ਮੁਆਫੀ ਰੱਦ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਹ ਫੈਸਲਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਡੇਰਾ ਮੁਖੀ ਨੇ ਪੱਤਰ ਭੇਜਿਆ ਸੀ, ਜਿਸ  ਨੂੰ ਪ੍ਰਵਾਨ ਕੀਤਾ ਸੀ ਪਰ ਸੰਗਤ ਦੇ ਰੋਸ ਕਾਰਨ ਪੱਤਰ ਰੱਦ ਕਰ ਦਿੱਤਾ ਸੀ। ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੀ ਘਟਨਾ ਸਬੰਧੀ ਉਨ੍ਹਾਂ ਆਖਿਆ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ 28 ਅਗਸਤ ਨੂੰ ਸਪੱਸ਼ਟੀਕਰਨ ਲਈ ਸੱਦਿਆ ਸੀ ਪਰ ਉਹ ਹਾਜ਼ਰ ਨਹੀਂ ਹੋਏ। ਹੁਣ ਉਨ੍ਹਾਂ ਨੂੰ 7 ਸਤੰਬਰ ਦਾ ਸਮਾਂ ਦਿੱਤਾ ਹੈ। ਜੇ ਉਹ ਹਾਜ਼ਰ ਨਹੀਂ ਹੁੰਦੇ ਤਾਂ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਸ ਸਬੰਧੀ ਠੋਸ ਫੈਸਲਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਵੀ ਆ ਜਾਵੇਗੀ।