ਅੰਮ੍ਰਿਤਸਰ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਡੇਰਾ ਪ੍ਰੇਮੀਆਂ ਨੂੰ ਘਰ ਵਾਪਸੀ ਦੀ ਕੀਤੀ ਗਈ ਅਪੀਲ ‘ਤੇ ਪ੍ਰਤੀਕਰਮ ਕਰਦਿਆਂ ਦਲ ਖ਼ਾਲਸਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਹੈ ਕਿ ਉਹ ਪਹਿਲਾਂ ਆਪਣੀ ਘਰ-ਵਾਪਸੀ ਕਰਵਾਉਣ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਗੁਰਮਤਿ ਵਿਰੋਧੀ ਡੇਰੇਦਾਰ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦੀ ਆਪਣੀ ਗਲਤੀ ਮੰਨਣ, ਸੰਸਥਾ ਦੇ ਵੱਕਾਰ ਅਤੇ ਮਰਿਆਦਾ ਨੂੰ ਢਾਹ ਲਾਉਣ ਲਈ ਖ਼ਾਲਸਾ ਪੰਥ ਤੋਂ ਖਿਮਾ ਯਾਚਨਾ ਮੰਗਣ ਅਤੇ ਅਸਤੀਫ਼ਾ ਦੇਣ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਜਥੇਦਾਰ ਸਿੱਖ ਪੰਥ ਵਿੱਚ ਆਪਣਾ ਵੱਕਾਰ ਅਤੇ ਵਿਸ਼ਵਾਸ ਗੁਆ ਚੁੱਕੇ ਹਨ ਅਤੇ ਪੰਥ ਇਨ੍ਹਾਂ ਨੂੰ ਰੱਦ ਕਰ ਚੁੱਕਾ ਹੈ। ਉਹ ਜਲਦੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਮਿਲ ਕੇ ਇਸ ਸਬੰਧੀ ਕੌਮੀ ਚਿੰਤਾ ਅਤੇ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਪੰਥ ਦੀ ਇਸ ਵੇਦਨਾ ਨੂੰ ਨਾ ਸਮਝਿਆ ਅਤੇ ਜਥੇਦਾਰ ਨੂੰ ਨਾ ਬਦਲਿਆ ਤਾਂ ਉਹ ਇਸ ਮੁੱਦੇ ’ਤੇ ਸੰਘਰਸ਼ ਤੇਜ਼ ਕਰਨਗੇ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੋਚ-ਢੰਗ ਅਤੇ ਕੰਮਕਾਜ ਵਿੱਚ ਇਨਕਲਾਬੀ ਬਦਲਾਅ ਲਿਆਉਣ ਅਤੇ ਅਕਾਲ ਤਖ਼ਤ ’ਤੇ ਬੇਮੁਹਤਾਜ਼ ਅਤੇ ਨਿਡਰ ਸ਼ਖ਼ਸੀਅਤ ਦੀ ਨਿਯੁਕਤੀ ਅਤੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ, ਜਿਨ੍ਹਾਂ ਕਰਕੇ ਲੋਕ ਸਿੱਖੀ ਦੀ ਮੁੱਖ ਧਾਰਾ ਨੂੰ ਛੱਡਕੇ ਮਨਮਤੀ ਡੇਰਿਆਂ ਵੱਲ ਜਾ ਰਹੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਦਾਰ ਬਦਲਣ ਲਈ ਸ਼੍ਰੋਮਣੀ ਕਮੇਟੀ ਨੂੰ ਕਹਿਣ ਦਾ ਇਹ ਅਰਥ ਨਾ ਲਿਆ ਜਾਵੇ ਕਿ ਉਨ੍ਹਾਂ ਕਮੇਟੀ ਵੱਲੋਂ ਆਪ-ਮੁਹਾਰੇ ਜਥੇਦਾਰ ਲਾਉਣ ਦੀ ਪਿਰਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਬਦਲਣ ਅਤੇ ਨਵੀਂ-ਨਿਯੁਕਤੀ ਲਈ ਪੰਥਕ ਸੰਸਥਾਵਾਂ ਅਤੇ ਪਾਰਟੀਆਂ ਨੂੰ ਭਰੋਸੇ ਵਿੱਚ ਲਿਆ ਜਾਵੇ।