ਬਰੈਂਪਟਨ—ਬਰੈਂਪਟਨ ਨੌਰਥ ਤੋਂ ਐੱਮ.ਪੀ. ਰੂਬੀ ਸਹੋਤਾ ਨੇ ਕਿਹਾ ਕਿ ਲਿਬਰਲ ਸਰਕਾਰ ਛੋਟੇ ਕਾਰੋਬਾਰੀਆਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਹ ਪ੍ਰਗਟਾਵਾਂ ਬਰੈਂਪਟਨ ਵਿਖੇ ਛੋਟੇ ਕਾਰੋਬਾਰਾਂ ਬਾਰੇ ਸਪਤਾਹ ਦੀ ਸਮਾਪਤੀ ਮੌਕੇ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਮਾਲ ਬਿਜ਼ਨਸ ਵੀਕ-2017 ਦੇ ਅੰਤਮ ਪਲਾਂ ਦੌਰਾਨ ਮੈਨੂੰ ਇਹ ਜਾਣਕਾਰੀ ਦੇ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਸਰਕਾਰ ਨੇ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਵੱਡੇ ਕਦਮ ਚੁੱਕੇ ਹਨ ਅਤੇ ਸਾਰੇ ਕੈਨੇਡੀਅਨਾਂ ਵਾਸਤੇ ਟੈਕਸ ਦਰਾਂ ਤਰਕਸੰਗਤ ਬਣਾਈਆਂ ਗਈਆਂ ਹਨ। 
ਰੂਬੀ ਸਹੋਤਾ ਨੇ ਕਿਹਾ ਕਿ ਸਰਕਾਰ ਨੇ ਤਰਕਸੰਗਤ ਟੈਕਸ ਦਰਾਂ ਨਾਲ ਸਬੰਧਤ ਤਜਵੀਜ਼ਾਂ ਬਾਰੇ ਪਿਛਲੇ ਕਈ ਮਹੀਨੇ ਦੌਰਾਨ ਲੋਕਾਂ ਨਾਲ ਸਲਾਹ ਮਸ਼ਵਰਾਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਛੋਟੇ ਕਾਰੋਬਾਰੀਆਂ, ਪੇਸ਼ੇਵਰਾਂ ਅਤੇ ਮਾਹਰਾਂ ਦੇ ਸੁਝਾਅ ਸੁਣੇ ਗਏ ਅਤੇ ਹਾਲ ਹੀ ‘ਚ ਛੋਟੇ ਕਾਰੋਬਾਰੀਆਂ ਲਈ ਟੈਕਸ ਦਰਾਂ ‘ਚ ਕਟੌਤੀ ਬਾਰੇ ਐਲਾਨ ਤੋਂ ਸਰਕਾਰ ਦੀ ਨੀਤੀ ਸਪੱਸ਼ਟ ਹੋ ਜਾਂਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕੈਨੇਡਾ ਸਰਕਾਰ ਨੇ ਛੋਟੇ ਕਾਰੋਬਾਰੀਆਂ ਲਈ ਲਾਗੂ 10.5 ਫੀਸਦੀ ਦੀ ਟੈਕਸ ਦਰ ਨੂੰ 2019 ਤਕ ਘਟਾ ਕੇ 9 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਲਿਬਰਨ ਪਾਰਟੀ ਨੇ 2015 ਦੀਆਂ ਚੋਣਾਂ ਦੌਰਾਨ ਟੈਕਸ ਦਰਾਂ ਘਟਾਉਣ ਦਾ ਵਾਅਦਾ ਕੀਤਾ ਸੀ ਅਤੇ ਤਾਜ਼ਾ ਐਲਾਨ ਮੁਤਾਬਕ ਪਹਿਲੀ ਜਨਵਰੀ 2018 ਤੋਂ 10 ਫੀਸਦੀ ਟੈਕਸ ਅਦਾ ਕਰਨ ਹੋਵੇਗਾ। ਇਹ ਐਲਾਨ ਅਜਿਹੇ ਸਮੇਂ ਆਇਆ ਜਦੋਂ ਸਰਕਾਰ ਵਲੋਂ ਤਜਵੀਜ਼ਸ਼ੁਦਾ ਟੈਕਸ ਸੁਧਾਰਾਂ ਨਾਲ ਕੈਨੇਡੀਅਨਾਂ ਦੀ ਮਾਲਕੀ ਵਾਲੀਆਂ 97 ਫੀਸਦੀ ਪ੍ਰਾਈਵੇਟ ਕਾਰਪੋਰੇਸ਼ਨ ਪ੍ਰਭਾਵਤ ਨਹੀਂ ਹੋਣਗੀਆਂ ਅਤੇ ਸਿਰਫ 3 ਫੀਸਦੀ ਅਮੀਰ ਲੋਕਾਂ ‘ਤੇ ਅਸਰ ਹੋਵੇਗਾ ਜੋ ਜ਼ਿਆਦਾਤਰ ਅਸਿੱਧੀ ਆਮਦਨ ‘ਤੇ ਕਾਬਜ਼ ਹਨ। ਇਸ ਤਰੀਕੇ ਨਾਲ ਕੈਨੇਡਾ ਦੀ ਆਰਥਿਕਤਾ ‘ਚ ਵਧੇਰੇ ਰਕਮ ਆਵੇਗੀ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ‘ਚ ਵੀ ਮਦਦ ਮਿਲੇਗਾ।