ਡੇਰਾ ਮੁਖੀ ਦੇ ਸੁਰੱਖਿਆ ਗਾਰਡਾਂ ਦਾ ਇਕ ਦਿਨਾ ਪੁਲੀਸ ਰਿਮਾਂਡ 
ਚੰਡੀਗੜ੍ਹ , 27 ਅਗਸਤ
ਚੰਡੀਗੜ੍ਹ ਦੇ ਡੀਜੀਪੀ ਤਜਿੰਦਰ ਸਿੰਘ ਲੂਥਰਾ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਕੇਸ ਵਿਚ ਦੋਸ਼ੀ ਐਲਾਨਣ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਅਗਲੇ ਹਫ਼ਤੇ ਤੱਕ ਚੰਡੀਗੜ੍ਹ ਨੂੰ ਪਹਿਲਾਂ ਵਾਂਗ ਸੀਲ ਰੱਖਣ ਦੀ ਪ੍ਰਕਿਰਿਆ ਜਾਰੀ ਰਹੇਗੀ।
ਸ੍ਰੀ ਲੂਥਰਾ ਨੇ ਦੱਸਿਆ ਕਿ ਸੰਭਾਵਨਾ ਹੈ ਕਿ ਡੇਰਾ ਮੁਖੀ ਦੀ ਜ਼ਮਾਨਤ ਲਈ ਅਗਲੇ ਹਫ਼ਤੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਜਾ ਸਕਦੀ ਹੈ। ਇਸ ਦੌਰਾਨ ਇਕ ਵਾਰ ਮੁੜ ਡੇਰਾ ਪੇ੍ਰਮੀਆਂ ਦੇ ਚੰਡੀਗੜ੍ਹ ਪੁੱਜਣ ਦੇ ਅਸਾਰ ਹਨ, ਜਿਸ ਕਾਰਨ ਅਗਲੇ ਹਫ਼ਤੇ ਵੀ ਚੰਡੀਗੜ੍ਹ ਨੂੰ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਦੇ ਦਫਤਰਾਂ ਆਦਿ ਵਿਚ ਆਉਣ ਵਾਲੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਸਪੱਸ਼ਟ ਕੀਤਾ ਕਿ ਅਗਲੇ ਹਫ਼ਤੇ ਸ਼ਹਿਰ ਨੂੰ ਕੱਲ੍ਹ ਵਾਂਗ ਮੁਕੰਮਲ ਰੂਪ ਵਿਚ ਸੀਲ ਨਹੀਂ ਕੀਤਾ ਜਾਵੇਗਾ ਪਰ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਅਤੇ ਵਾਹਨ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਉਸ ਨੂੰ ਚੰਡੀਗੜ੍ਹ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਪੁਲੀਸ ਵਲੋਂ ਕੱਲ੍ਹ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਅੱਜ ਸਵੇਰੇ 11 ਵਜੇ ਤੱਕ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਕਾਰਨ ਚੰਡੀਗੜ੍ਹ ਦੇ ਵਸਨੀਕਾਂ ਨੂੰ ਵੀ ਸ਼ਹਿਰ ਵਿਚ ਵੜਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਐਂਟਰੀ ਪੁਆਇੰਟਾਂ ’ਤੇ ਲੋਕਾਂ ਅਤੇ ਪੁਲੀਸ ਵਿਚਕਾਰ ਗਰਮਾ-ਗਰਮੀ ਦਾ ਮਾਹੌਲ ਬਣਿਆ ਪਿਆ ਸੀ। ਅੱਜ ਸਵੇਰੇ 10.30 ਵਜੇ ਦੇ ਕਰੀਬ ਮੁਹਾਲੀ ਤੋਂ ਚੰਡੀਗੜ੍ਹ ਆ ਰਹੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਪੁਲੀਸ ਵਲੋਂ ਉਸ ਨੂੰ ਆਪਣਾ ਪਛਾਣ ਪੱਤਰ ਦਿਖਾਉਣ ਦੇ ਬਾਵਜੂਦ ਚੰਡੀਗੜ੍ਹ ਵਿਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਲੋਕਾਂ ਵਲੋਂ ਰੋਸ ਪ੍ਰਗਟ ਕਰਨ ਤੋਂ ਬਾਅਦ ਪੁਲੀਸ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸ਼ਹਿਰ ਨੂੰ ਮੁਕੰਮਲ ਸੀਲ ਕਰਨ ਵਿਚ ਢਿੱਲ ਦਿੱਤੀ ਗਈ। ਸ੍ਰੀ ਲੂਥਰਾ ਨੇ ਮੰਨਿਆ ਕਿ ਇਸ ਫੈਸਲੇ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਪਰ ਪੁਲੀਸ ਸ਼ਹਿਰ ਦੀ ਸੁਰੱਖਿਆ ਲਈ ਅਜਿਹੇ ਕਦਮ ਚੁੱਕਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸੋਮਵਾਰ ਤੋਂ ਸ਼ਹਿਰ ਦੇ ਸਕੂਲ ਅਤੇ ਕਾਲਜ ਖੋਲ੍ਹਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਕੁਝ ਡੇਰਾ ਪ੍ਰੇਮੀ ਪੈਦਲ ਪੁਲੀਸ ਨੂੰ ਚਕਮਾ ਦੇ ਕੇ ਸ਼ਹਿਰ ਵਿਚ ਵੜਨ ਦਾ ਯਤਨ ਕਰਦੇ ਰਹੇ ਹਨ ਪਰ ਮੁਸਤੈਦ ਪੁਲੀਸ ਨੇ ਉਨ੍ਹਾਂ ਦੇ ਇਹ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਡੀਆਈਜੀ ਡਾ. ਓ.ਪੀ. ਮਿਸ਼ਰਾ ਨੇ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਵਿਚ ਵੜਨ ਦਾ ਯਤਨ ਕਰਦਿਆਂ ਗ੍ਰਿਫ਼ਤਾਰ ਕੀਤੇ ਡੇਰਾ ਮੁਖੀ ਦੇ ਛੇ ਨਿਜੀ ਗਾਰਡਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦਾ ਪੰਚਕੂਲਾ ਵਿਚ ਹੋਈ ਅੱਗਜ਼ਨੀ ਵਿੱਚ ਹੱਥ ਹੋਣ ਬਾਰੇ ਉਠੇ ਸ਼ੰਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਾਰਡਾਂ ਕੋਲੋਂ ਇਕ ਪਿਸਤੌਲ ਤੇ 25 ਕਾਰਤੂਸਾਂ ਸਮੇਤ ਪੈਟਰੋਲ ਦੀ ਖਾਲੀ ਕੇਨੀ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਇਕ ਗਾਰਡ ਦੇ ਹੱਥ ’ਤੇ ਅੱਗ ਨਾਲ ਝੁਲਸਣ ਦੇ ਨਿਸ਼ਾਨ ਮਿਲੇ ਹਨ।