ਕਿਊਬਿਕ— ਕੈਨੇਡਾ ਦੇ ਸੂਬੇ ਕਿਊਬਿਕ ‘ਚ ਇਕ ਔਰਤ ਦੀ ਲਾਸ਼ ਮਿਲੀ ਹੈ ਅਤੇ ਸ਼ੱਕ ਉਸ ਦੇ ਪਤੀ ‘ਤੇ ਹੈ। ਇਹ ਵਿਅਕਤੀ ਆਪਣੇ 6 ਸਾਲਾ ਬੱਚੇ ਨੂੰ ਲੈ ਕੇ ਲਾਪਤਾ ਹੋ ਗਿਆ ਹੈ। ਲੂਕਾ ਫਰੇਡੇਟੇ ਨਾਂ ਦੇ ਬੱਚੇ ਨੂੰ ਲੱਭਣ ਲਈ ਐਂਬਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਹ ਮਾਂਟਰੀਅਲ ਦੇ ਸੈਂਟ ਇਊਸਟੇਚ ਇਲਾਕੇ ਦਾ ਰਹਿਣ ਵਾਲਾ ਹੈ। ਵੀਰਵਾਰ ਸ਼ਾਮ ਨੂੰ 5.35 ਵਜੇ ਉਸ ਦੇ ਲਾਪਤਾ ਹੋਣ ਦੀ ਖਬਰ ਪਤਾ ਲੱਗੀ ਸੀ। ਉਸ ਨੂੰ ਆਖਰੀ ਵਾਰ ਉਸ ਦੇ ਪਿਤਾ 41 ਸਾਲਾ ਊਗੋ ਫਰੇਡੇਟ ਨਾਲ ਦੇਖਿਆ ਗਿਆ ਸੀ। ਬੱਚੇ ਦੇ ਦਾਦੇ ਨੇ ਫੇਸਬੁੱਕ ‘ਤੇ ਅਪੀਲ ਕੀਤੀ ਹੈ ਕਿ ਜਿਸ ਨੂੰ ਵੀ ਬੱਚੇ ਬਾਰੇ ਕੋਈ ਵੀ ਜਾਣਕਾਰੀ ਹੋਵੇ, ਉਹ ਉਨ੍ਹਾਂ ਨੂੰ ਬਿਨਾਂ ਦੇਰੀ ਕੀਤੇ ਦੱਸ ਦੇਣ। ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਦੇ ਲਾਪਤਾ ਹੋਣ ਨਾਲ ਉਹ ਡਰ ਗਏ ਹਨ। ਸ਼ੁਰੂਆਤੀ ਜਾਂਚ ‘ਚ ਪੁਲਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚੇ ਨੂੰ ਉਸ ਦਾ ਪਿਤਾ ਹੀ ਲੈ ਕੇ ਕਿਤੇ ਦੌੜ ਗਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।