ਜਗਰਾਉਂ, ਪੁਲੀਸ ਥਾਣਾ ਹਠੂਰ ਦੇ ਪਿੰਡ ਡੱਲਾ ਵਿੱਚ ਬੀਤੀ ਰਾਤ ਇੱਕ ਜੋੜੇ ਨੇ ਖ਼ੁਦਕੁਸ਼ੀ ਕਰ ਲਈ। ਇਸ ਜੋੜੇ ਦਾ ਨੌਂ ਮਹੀਨੇ ਪਹਿਲਾਂ ਵਿਆਹ ਹੋਇਆ ਸੀ।
ਪਿੰਡ ਡੱਲਾ ਦੇ ਲੋਕਾਂ ਅਤੇ ਇਸ ਮਾਮਲੇ ਦੀ ਪੜਤਾਲ ਕਰ ਰਹੇ ਏ.ਐਸ.ਆਈ. ਬਲੌਰ ਸਿੰਘ ਅਨੁਸਾਰ ਗੁਰਮੀਤ ਸਿੰਘ ਪੁੱਤਰ ਛਿੰਦਰਪਾਲ ਸਿੰਘ ਵਾਸੀ ਪਿੰਡ ਡੱਲਾ ਦਾ ਕਰੀਬ 9 ਮਹੀਨੇ ਪਹਿਲਾਂ ਹਰਮੀਤ ਕੌਰ ਵਾਸੀ ਪਿੰਡ ਦੱਦਾ ਹੂਰ ਨਾਲ ਵਿਆਹ ਹੋਇਆ ਸੀ। ਹਰਮੀਤ ਕੌਰ ਸੱਤ ਮਹੀਨੇ ਦੀ ਗਰਭਵਤੀ ਸੀ। ਬੀਤੀ ਰਾਤ ਗੁਰਦੀਪ ਸਿੰਘ ਤੇ ਉਸ ਦੀ ਪਤਨੀ ਹਰਮੀਤ ਕੌਰ ਘਰ ਦੇ ਵਿਹੜੇ ਵਿੱਚ ਸੁੱਤੇ ਸਨ ਜਦਕਿ ਉਸਦੀ ਮਾਤਾ ਤੇ ਭੈਣ ਕਮਰੇ ਵਿੱਚ ਸੁੱਤੀਆਂ ਹੋਈਆਂ ਸਨ। ਅੱਜ ਤੜਕੇ ਜਦੋਂ ਗੁਰਦੀਪ ਸਿੰਘ ਦੀ ਮਾਤਾ ਉੱਠੀ ਤਾਂ ਉਸ ਨੇ ਵਰਾਂਡੇ ਵਿੱਚ ਛੱਤ ਦੇ ਗਾਡਰ ਨਾਲ ਗੁਰਦੀਪ ਤੇ ਹਰਮੀਤ ਦੀਆਂ ਲਾਸ਼ਾਂ ਲਟਕਦੀਆਂ ਵੇਖੀਆਂ। ਉਸ ਨੇ ਰੌਲਾ ਪਾ ਦਿੱਤਾ। ਇਕੱਠੇ ਹੋਏ ਪਿੰਡ ਵਾਸੀਆਂ ਨੇ ਥਾਣਾ ਹਠੂਰ ਦੀ ਪੁਲੀਸ ਨੂੰ ਸੂਚਿਤ ਕੀਤਾ।  ਜਗਰਾਉਂ ਤੋਂ ਐਸ.ਪੀ. (ਐਚ) ਗੁਰਦੀਪ ਸਿੰਘ, ਡੀ.ਐਸ.ਪੀ. ਸਤਨਾਮ ਸਿੰਘ, ਡੀ.ਐਸ.ਪੀ. ਸਰਬਜੀਤ ਸਿੰਘ, ਡੀ.ਐਸ.ਪੀ. ਕੰਵਰਪਾਲ ਸਿੰਘ ਤੇ ਥਾਣਾ ਇੰਚਾਰਜ ਰਾਜੇਸ਼ ਕੁਮਾਰ ਮੌਕੇ ‘ਤੇ ਪੁੱਜੇ। ਉਨ੍ਹਾਂ ਦੋਵੇਂ ਲਾਸ਼ਾਂ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਪਹੁੰਚਾਈਆਂ। ਗੁਰਦੀਪ ਸਿੰਘ ਦਾ ਪਿਤਾ ਡਰਾਈਵਰ ਹੈ ਤੇ ਉਹ ਗੱਡੀ ਲੈ ਕੇ ਬਾਹਰ ਗਿਆ ਹੋਇਆ ਸੀ। ਉਸ ਦਾ ਇੱਕ ਭਰਾ ਦੁਬਈ ਵਿੱਚ ਹੈ ਤੇ ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋਣ ਕਰਕੇ ਉਹ ਪੇਕੇ ਹੀ ਰਹਿੰਦੀ ਹੈ। ਸੀਨੀਅਰ ਪੁਲੀਸ ਕਪਤਾਨ ਸੁਰਜੀਤ ਸਿੰਘ ਨੇ ਕਿਹਾ ਕਿ ਤਫ਼ਤੀਸ਼ ਮਗਰੋਂ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਹਿਸਾਬ ਨਾਲ ਨਿਰਪੱਖ ਕਾਰਵਾਈ ਕੀਤੀ ਜਾਵੇਗੀ।