ਲੁਧਿਆਣਾ, ਡੀਜੀਪੀ ਸੁਰੇਸ਼ ਅਰੋੜਾ ਨੇ ਇੱਥੋਂ ਦੀ ਬਸਤੀ ਜੋਧੇਵਾਲ ਦੀ ਗਗਨਦੀਪ ਕਲੋਨੀ ਵਿੱਚ ਕਤਲ ਕੀਤੇ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸੇ ਦੌਰਾਨ ਡੀਜੀਪੀ ਨੇ ਕਿਹਾ ਕਿ ਕਤਲਕਾਂਡ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੋ ਸਕਦਾ ਹੈ, ਜਿਸ ਕਰ ਕੇ ਇਹ ਕੇਸ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਿਆ ਗਿਆ ਹੈ। ਐਨਆਈਏ ਦੀ ਟੀਮ ਨੂੰ ਪੰਜਾਬ ਪੁਲੀਸ ਦੀ ਟੀਮ ਵੀ ਸਹਿਯੋਗ ਦੇਵੇਗੀ ਤਾਂ ਜੋ ਕੇਸ ਛੇਤੀ ਤੋਂ ਛੇਤੀ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
ਘਟਨਾ ਸਥਾਨ ਦਾ ਦੌਰਾ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਤੋਂ ਇਸ ਕੇਸ ਸਬੰਧੀ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਜਾਰੀ ਹੈ, ਜਿਸ ਬਾਰੇ ਹਾਲੇ ਕੁਝ ਵੀ ਦੱਸਣਾ ਠੀਕ ਨਹੀਂ ਹੋਵੇਗਾ। ਇਸ ਕਤਲਕਾਂਡ ’ਚ ਵਿਦੇਸ਼ੀ ਤਾਕਤਾਂ ਦਾ ਹੱਥ ਹੋ ਸਕਦਾ ਹੈ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਹਨ। ਐਨਆਈਏ ਦੀ ਟੀਮ ਅਗਲੇ ਹਫ਼ਤੇ ਸਨਅਤੀ ਸ਼ਹਿਰ ਪੁੱਜ ਕੇ ਜਾਂਚ ਕਰੇਗੀ। ਐਨ.ਆਈ.ਏ. ਦਾ ਵਿਦੇਸ਼ ਦੀਆਂ ਏਜੰਸੀਆਂ ਨਾਲ ਚੰਗਾ ਤਾਲਮੇਲ ਹੈ, ਜਿਸ ਦਾ ਇਸ ਕੇਸ ਵਿੱਚ ਕਾਫ਼ੀ ਫਾਇਦਾ ਮਿਲੇਗਾ।
ਸ੍ਰੀ ਅਰੋੜਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਬੰਧੀ ਇੱਕ ਕੇਸ ਸੀਬੀਆਈ ਕੋਲ ਹੈ। ਤਿੰਨ ਤੋਂ ਚਾਰ ਕੇਸ ਪੰਜਾਬ ਪੁਲੀਸ ਕੋਲ ਹਨ ਤੇ ਹੁਣ ਇੱਕ ਕੇਸ ਐਨਆਈਏ ਨੂੰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਦੋ ਅਣਪਛਾਤੇ ਨਾਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਰਵਿੰਦਰ ਗੋਸਾਈਂ ਦਾ ਉਸ ਸਮੇਂ ਕਤਲ ਕਰ ਦਿੱਤਾ ਸੀ, ਜਦੋਂ ਉਹ ਆਰ.ਐਸ.ਐਸ. ਸ਼ਾਖਾ ਤੋਂ ਵਾਪਸ ਘਰ ਪੁੱਜੇ ਹੀ ਸਨ।
ਇਸੇ ਦੌਰਾਨ ਰਵਿੰਦਰ ਗੋਸਾਈਂ ਦੇ ਪੁੱਤਰ ਦੀਪਕ ਗੁਸਾਈਂ ਨੇ ਡੀਜੀਪੀ ਸੁਰੇਸ਼ ਅਰੋੜਾ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕੇਸ ਨੂੰ ਛੇਤੀ ਹੱਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਕੇਸ ’ਤੇ ਸਾਰੀਆਂ ਜਾਂਚ ਟੀਮਾਂ ਕੰਮ ਕਰ ਰਹੀਆਂ ਹਨ ਤੇ ਛੇਤੀ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਪਰਿਵਾਰ ਤੋਂ ਵੀ ਪੁਲੀਸ ਜਾਂਚ ਵਿੱਚ ਮਦਦ ਤੇ ਸਹਿਯੋਗ ਦੀ ਮੰਗ ਕੀਤੀ ਹੈ। ਅਮਿਤ ਨੇ ਕਿਹਾ ਕਿ ਪੁਲੀਸ ਵੱਲੋਂ ਹੁਣ ਤੱਕ ਕੀਤੀ ਜਾਂਚ ਤੋਂ ਪਰਿਵਾਰ ਸੰਤੁਸ਼ਟ ਹੈ।
ਛੇ ਦਿਨ ਬਾਅਦ ਵੀ ਪੁਲੀਸ ਦੇ ਹੱਥ ਖਾਲੀ
ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਤੋਂ 6 ਦਿਨ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਨੇ ਹਾਲੇ ਤੱਕ ਸਿਰਫ਼ ਉਹ ਮੋਟਰਸਾਈਕਲ ਬਰਾਮਦ ਕੀਤਾ ਹੈ, ਜਿਸ ’ਤੇ ਮੁਲਜ਼ਮਾਂ ਨੇ ਸਵਾਰ ਹੋ ਕੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਸੀ। ਪੁਲੀਸ ਉਸ ਮੋਟਰਸਾਈਕਲ ਦੀ ਬਰਾਮਦਗੀ ਨੂੰ ਹੀ ਵੱਡੀ ਸਫ਼ਲਤਾ ਦੱਸ ਰਹੀ ਹੈ। ਹਾਲ ਦੀ ਘੜੀ ਜਾਂਚ ਸੀਸੀਟੀਵੀ ਕੈਮਰਿਆਂ ਦੁਆਲੇ ਹੀ ਘੁੰਮ ਰਹੀ ਹੈ। ਪੁਲੀਸ ਪਹਿਲਾਂ ਇਲਾਕੇ ਦੇ ਨਾਲ-ਨਾਲ ਸੇਫ਼ ਸਿਟੀ ਪ੍ਰੋਜੈਕਟ ਤਹਿਤ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰ ਰਹੀ ਸੀ ਪਰ ਮੋਟਰਸਾਈਕਲ ਬਰਾਮਦ ਹੋਣ ਤੋਂ ਬਾਅਦ ਪੁਲੀਸ ਮਿਲਰਗੰਜ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ਵਿੱਚ ਲੱਗੀ ਹੋਈ ਹੈ, ਜਿੱਥੋਂ ਮੋਟਰਸਾਈਕਲ ਚੋਰੀ ਹੋਇਆ ਸੀ। ਐਸਆਈਟੀ ਦੀ ਅਗਵਾਈ ਕਰ ਰਹੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਕਰਾਈਮ) ਗਗਨਅਜੀਤ ਸਿੰਘ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ ਤੇ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਢੋਲੇਵਾਲ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਪੁਲੀਸ ਸੂਤਰਾਂ ਮੁਤਾਬਕ ਸੀਸੀਟੀਵੀ ਕੈਮਰਿਆਂ ਵਿੱਚੋਂ ਜੋ ਫੋਟੋਆਂ ਮਿਲੀਆਂ ਹਨ, ਉਹ ਸਾਫ਼ ਨਹੀਂ ਹਨ ਤੇ ਕਾਤਲਾਂ ਨੇ ਮੂੰਹ ਵੀ ਢਕੇ ਹੋਏ ਹਨ।