ਪਟਿਆਲਾ, ਇਥੋਂ ਦੇ ‘ਗੋਪਾਲ ਸਵੀਟਸ ਗਰੁੱਪ’  ਦੇ ਪਟਿਆਲਾ ਅਤੇ ਹੋਰ ਥਾਈਂ ਸਥਿਤ ਹੋਟਲਾਂ ਉਤੇ  ਅੱਜ ਆਮਦਨ ਕਰ ਵਿਭਾਗ, ਚੰਡੀਗੜ੍ਹ ਵੱਲੋਂ ਛਾਪਾ ਮਾਰਿਆ ਗਿਆ| ਛਾਪਾਮਾਰ ਟੀਮ ਵੱਲੋਂ ਗੋਪਾਲ ਸਵੀਟਸ ਦੇ ਮਾਲਕ ਚਾਰੇ ਭਰਾਵਾਂ ਤੇ ਉਨ੍ਹਾਂ ਦੇ ਪੁੱਤਰਾਂ ਨਾਲ ਸਬੰਧਤ ਮਕਾਨਾਂ ਤੇ ਵਪਾਰਕ ਥਾਵਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ| ਦੱਸਣਯੋਗ ਹੈ ਕਿ ‘ਗੋਪਾਲ ਸਵੀਟਸ’ ਦੇ ਪਟਿਆਲਾ ‘ਚ ਤਿੰਨ ਵੱਡੇ ਸ਼ੋਅਰੂਮ ਹਨ। ਇਸ ਤੋਂ ਇਲਾਵਾ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਖਰੜ ਤੇ ਹੋਰ ਸ਼ਹਿਰਾਂ ‘ਚ ਮਠਿਆਈਆਂ ਦਾ ਵੱਡਾ ਕਾਰੋਬਾਰ ਹੈ| ਸੂਤਰਾਂ ਮੁਤਾਬਕ ਗੋਪਾਲ ਸਵੀਟਸ ਗਰੁੱਪ ਦੀ ਇੱਕ ਸੀਨੀਅਰ ਕਾਂਗਰਸੀ ਆਗੂ ਨਾਲ ਕਾਫ਼ੀ ਨੇੜਤਾ ਹੈ|

ਆਮਦਨ ਕਰ ਵਿਭਾਗ ਦੀ ਟੀਮ ਨੇ ਅੱਜ ਸਵੇਰੇ 9 ਵਜੇ ਗੋਪਾਲ ਦੇ ਸਾਰੇ ਕਾਰੋਬਾਰੀ ਸਥਾਨਾਂ ਨੂੰ ਸੀਲ ਕਰ ਲਿਆ| ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਪ੍ਰਿੰਸੀਪਲ ਕਮਿਸ਼ਨਰ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਨੇ ਗੋਪਾਲ ਸਵੀਟਸ ਦੀਆਂ ਕਾਰੋਬਾਰੀ ਥਾਵਾਂ ਨੂੰ ਸੀਲ ਕਰਕੇ ਆਮਦਨ ਤੇ ਕਰ ਦਾ ਹਿਸਾਬ ਕਿਤਾਬ ਸ਼ੁਰੂ ਕਰ ਦਿੱਤਾ ਹੈ| ਸੂਤਰਾਂ ਮੁਤਾਬਕ ਆਮਦਨ ਕਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਗੋਪਾਲ ਸਵੀਟਸ ਗਰੁੱਪ ਵੱਲੋਂ ਆਮਦਨ ਨੂੰ ਛੁਪਾ ਕੇ ਕਰ ਤੋਂ ਬਚਿਆ ਜਾ ਰਿਹਾ ਹੈ। ਸਥਾਨਕ ਆਮਦਨ ਕਰ ਅਫਸਰ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਸਥਾਨਕ ਦਫ਼ਤਰ ਨੂੰ ਲਾਂਭੇ ਰੱਖਿਆ ਗਿਆ ਹੈ| ਆਮਦਨ ਕਰ ਟੀਮਾਂ ਨਾਲ ਸੁਰੱਖਿਆ ਲਈ ਤਾਇਨਾਤ ਡੀਆਈਜੀ ਰੈਂਕ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੋਪਾਲ ਸਵੀਟਸ ਦੇ ਪਟਿਆਲਾ ਸਮੇਤ ਕੁੱਲ 18 ਥਾਵਾਂ ‘ਤੇ ਪੜਤਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਗਰੁੱਪ ਦੇ ਸਾਰੇ ਵਪਾਰਕ ਅਦਾਰੇ ਤੇ ਦਫ਼ਤਰ ਸੀਲ ਸਨ।