ਫ਼ਿਰੋਜ਼ਪੁਰ, 29 ਅਗਸਤ
ਨੇੜਲੇ ਪਿੰਡ ਢੀਂਡਸਾ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੁਰਦੁਆਰੇ ਵਿੱਚ ਪੈਟਰੋਲ ਬੰਬ ਸੁੱਟ ਕੇ ਫ਼ਰਾਰ ਹੋ ਗਏ, ਪਰ ਉਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਮੁਲਜ਼ਮਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਸਾਰੇ ਜ਼ਿਲ੍ਹੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।
ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਇਸ ਸਰਹੱਦੀ ਜ਼ਿਲ੍ਹੇ ਵਿੱਚ ਡੇਰਾ ਪ੍ਰੇਮੀਆਂ ਦੀ ਗਿਣਤੀ ਵੀਹ ਹਜ਼ਾਰ ਦੇ ਕਰੀਬ ਦੱਸ ਰਹੇ ਹਨ। ਅੱਜ ਦੁਪਹਿਰ ਇੱਕ ਵਜੇ ਤੋਂ ਲੈ ਕੇ ਮੰਗਲਵਾਰ ਸਵੇਰੇ 6 ਵਜੇ ਤੱਕ ਕਰਫ਼ਿਊ ਲਾ ਦਿੱਤਾ ਗਿਆ ਹੈ। ਕੱਲ੍ਹ ਜ਼ਿਲ੍ਹੇ ਵਿੱਚ ਸੀਲ ਕੀਤੇ ਛੇ ਨਾਮ ਚਰਚਾ ਘਰਾਂ ਦੀ ਸਰਕਾਰੀ ਕੀਮਤ ਇੱਕ ਕਰੋੜ ਚਾਰ ਲੱਖ ਰੁਪਏ ਮਿਥੀ ਗਈ ਸੀ। ਲੋਕਾਂ ਪਾਸੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਵਾਪਰੀ ਹਿੰਸਾ ਵਿੱਚ ਹੋਏ ਨੁਕਸਾਨ ਦੇ ਵੇਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ।
ਮਮਦੋਟ ਵਿੱਚ ਐਤਵਾਰ ਸਵੇਰੇ ਡਿਊਟੀ ਤੋਂ ਘਰ ਜਾ ਰਹੇ ਇੱਕ ਹੌਲਦਾਰ ਦਾ ਪਲਸਰ ਮੋਟਰਸਾਈਕਲ (ਪੀਬੀ 05 ਏਜੀ-1180) ਤਿੰਨ ਅਣਪਛਾਤੇ ਵਿਅਕਤੀ ਖੋਹ ਕੇ ਫ਼ਰਾਰ ਹੋ ਗਏ ਸਨ। ਇਹ ਘਟਨਾ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਸਥਿਤ ਟੀ-ਪੁਆਇੰਟ ’ਤੇ ਵਾਪਰੀ। ਲੁਟੇਰਿਆਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਐਤਵਾਰ ਨੂੰ ਪੁਲੀਸ ਨੇ ਸ਼ਹਿਰ ਦੇ ਗੁਪਤਾ ਪੈਟਰੋਲ ਪੰਪ ਦੇ ਮਾਲਕ ਖ਼ਿਲਾਫ਼ ਖੁੱਲ੍ਹਾ ਤੇਲ ਵੇਚਣ ਦੇ ਦੋਸ਼ ਹੇਠ ਕਾਰਵਾਈ ਕੀਤੀ ਤੇ ਪੰਪ ਸੀਲ ਕਰ ਦਿੱਤਾ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ 25 ਅਗਸਤ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਵਿੱਚ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ੱਕੀ ਕਾਰਵਾਈਆਂ ਵਿੱਚ ਹਿੱਸਾ ਲੈਣ ਸਬੰਧੀ ਚਾਰ ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ ਤੇ ਇਨ੍ਹਾਂ ਵਿੱਚ ਡੇਰੇ ਦੇ ਅਖ਼ਬਾਰ ਦਾ ਪੱਤਰਕਾਰ ਵੀ ਸ਼ਾਮਲ ਹੈ। ਡੇਰੇ ਦੀ ਸੂਬਾ ਕਮੇਟੀ ਦੇ ਇੱਕ ਮੈਂਬਰ ਨੂੰ ਪਿਛਲੇ ਚਾਰ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਨਾਲ ਲੈ ਕੇ ਘੁੰਮ ਰਹੇ ਹਨ ਤੇ ਉਸ ਪਾਸੋਂ ਡੇਰਾ ਪ੍ਰੇਮੀਆਂ ਦੀ ਪਲ-ਪਲ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਪਿੰਡਾਂ ਵਿੱਚ ਇਸ ਡੇਰਾ ਆਗੂ ਵੱਲੋਂ ਪ੍ਰੇਮੀਆਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਵੀ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਮੰਗਲਵਾਰ ਨੂੰ ਸਾਰੇ ਸਰਕਾਰੀ ਤੇ ਗ਼ੈਰਸਰਕਾਰੀ ਵਿਦਿਅਕ ਅਦਾਰੇ ਖੁੱਲ੍ਹਣਗੇ।
ਲੋਕਾਂ ਦਾ ਅਦਾਲਤਾਂ ’ਤੇ ਭਰੋਸਾ ਵਧਿਆ: ਜਥੇਦਾਰ ਮੰਡ
ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਡੇਰਾ ਮੁਖੀ ਖ਼ਿਲਾਫ਼ ਆਏ ਫ਼ੈਸਲੇ ਮਗਰੋਂ ਲੋਕਾਂ ਦਾ ਅਦਾਲਤਾਂ ’ਤੇ ਭਰੋਸਾ ਵਧਿਆ ਹੈ। ਉਨ੍ਹਾਂ ਆਖਿਆ ਕਿ ਉਹ ਡੇਰਾ ਮੁਖੀ ਸਬੰਧੀ ਅਦਾਲਤੀ ਫ਼ੈਸਲੇ ਦਾ ਸਵਾਗਤ ਕਰਦੇ ਹਨ।