ਗੁਰਦਾਸਪੁਰ, ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਸ਼ਾਨ ਨਾਲ ਜਿੱਤ ਲਈ ਹੈ। ਉਨ੍ਹਾਂ ਆਪਣੇ ਮੁੱਖ ਵਿਰੋਧੀ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ 1,93219 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਜਾਖੜ ਨੂੰ ਕੁੱਲ 4,99,752 ਵੋਟਾਂ ਪਈਆਂ ਜਦੋਂਕਿ ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ 3,06,533 ਵੋਟਾਂ ਹੀ ਲੈ ਸਕੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜ਼ੂਰੀਆ 23,579 ਵੋਟਾਂ ਲੈ ਕੇ ਤੀਸਰੇ ਨੰਬਰ ਉੱਤੇ ਪਛੜ ਗਏ। ਇਸ ਚੋਣ ਵਿੱਚ ਖਜ਼ੂਰੀਆ ਸਣੇ 9 ਜਣਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। 7580 ਵੋਟਰਾਂ ਨੇ ਨੋਟਾ ਦਾ ਬਟਨ ਦਬਾ ਕੇ ਉਮੀਦਵਾਰਾਂ ਪ੍ਰਤੀ ਨਾਪਸੰਦਗੀ ਪ੍ਰਗਟਾਈ।
ਵੋਟਾਂ ਦੀ ਗਿਣਤੀ ਸਵੇਰੇ ਠੀਕ ਅੱਠ ਵਜੇ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਸਥਾਪਿਤ ਗਿਣਤੀ ਕੇਂਦਰਾਂ ਉੱਤੇ ਸ਼ੁਰੂ ਹੋਈ। ਕਰੀਬ 9 ਵਜੇ ਗਿਣਤੀ ਦੇ ਪਹਿਲੇ ਗੇੜ ਦੀ ਸਮਾਪਤੀ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ 14316 ਵੋਟਾਂ ਦੇ ਫ਼ਰਕ ਨਾਲ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆਂ ਤੋਂ ਅੱਗੇ ਹੋ ਗਏ। ਇਸ ਤੋਂ ਬਾਅਦ ਆਖ਼ਰੀ 15ਵੇਂ ਗੇੜ ਤਕ ਹਰੇਕ ਵਿਧਾਨ ਸਭਾ ਹਲਕੇ ਤੋਂ ਹੀ ਲਗਾਤਾਰ ਆਪਣੇ ਵਿਰੋਧੀ ਤੋਂ ਲੀਡ ਲੈਂਦੇ ਰਹੇ। ਜਿੱਤ ਦੇ ਰਸਮੀ ਐਲਾਨ ਤੋਂ ਬਾਅਦ ਸ੍ਰੀ ਜਾਖ਼ੜ ਨੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਸਮੇਤ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਪੁੱਜ ਕੇ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ। ਇਸ ਮੌਕੇ ਸ੍ਰੀ ਜਾਖੜ ਨੇ ਆਪਣੀ ਜਿੱਤ ਲਈ ਹਲਕੇ ਦੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕਾ ਵਾਸੀਆਂ ਦੇ ਭਰੋਸੇ ਉੱਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ, ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰਨਾਂ ਮਸਲਿਆਂ ਨੂੰ ਲੈ ਕੇ ਸਦਨ ਵਿੱਚ ਖੇਤਰ ਦੀ ਆਵਾਜ਼ ਚੁੱਕਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਗਏ ਸਨ ਅਤੇ ਲੋਕਾਂ ਨੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਉੱਤੇ ਮੋਹਰ ਲਾਉਣ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਫ਼ਤਵਾ ਦਿੱਤਾ ਹੈ। ਸ੍ਰੀ ਜਾਖ਼ੜ ਦੀ ਜਿੱਤ ਉਪਰੰਤ ਪਾਰਟੀਆਂ  ਆਗੂਆਂ ਤੇ ਵਰਕਰਾਂ ਅੰਦਰ ਜਸ਼ਨ ਦਾ ਮਾਹੌਲ ਬਣਿਆ ਰਿਹਾ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ  ਗੁਰਲਵਲੀਨ ਸਿੰਘ ਸਿੱਧੂ ਨੇ ਜ਼ਿਮਨੀ ਚੋਣ ਦਾ ਨਤੀਜਾ ਐਲਾਨਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਵਿੱਚ ਕੁੱਲ 859462 ਵੋਟਰਾਂ ਵੱਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ੍ਰੀ ਸੁਨੀਲ ਜਾਖੜ ਨੂੰ ਕੁੱਲ 4,99,452, ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ  3,06,533 ਵੋਟਾਂ ਅਤੇ ‘ਆਪ’ ਦੇ ਉਮੀਦਵਾਰ ਸੁਰੇਸ਼ ਖਜ਼ੂਰੀਆ ਨੂੰ 23579 ਵੋਟਾਂ ਮਿਲੀਆਂ ਹਨ।  ਇਸੇ ਤਰ੍ਹਾਂ ਐੱਮ.ਡੀ.ਪੀ ਦੀ ਉਮੀਦਵਾਰ ਸ੍ਰੀਮਤੀ ਸੰਤੋਸ਼ ਕੁਮਾਰੀ ਨੂੰ 1011 ਵੋਟਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਕੁਲਵੰਤ ਸਿੰਘ ਨੂੰ 3546, ਐੱਚ.ਐੱਸ.ਐੱਸ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ ਨੂੰ 1891 ਅਤੇ ਆਜ਼ਾਦ ਉਮੀਦਵਾਰ ਸਤਨਾਮ ਸਿੰਘ ਨੂੰ 996, ਸੰਦੀਪ ਕੁਮਾਰ ਨੂੰ 1922, ਪ੍ਰਦੀਪ ਕੁਮਾਰ ਨੂੰ 2029, ਪਰਵਿੰਦਰ ਸਿੰਘ ਨੂੰ 6825 ਅਤੇ ਪਵਨ ਕੁਮਾਰ ਨੂੰ 3791 ਵੋਟਾਂ ਪਈਆਂ ਹਨ।
ਵਿਧਾਨ ਸਭਾ ਹਲਕਾ ਵਾਰ ਕਾਂਗਰਸੀ ਉਮੀਦਵਾਰ ਸ੍ਰੀ ਜਾਖੜ ਸੁਜਾਨਪੁਰ ਤੋਂ 6701 ਵੋਟਾਂ, ਭੋਆ ਹਲਕੇ ਤੋਂ 7726 ਵੋਟਾਂ ਅਤੇ ਪਠਾਨਕੋਟ ਹਲਕੇ ਤੋਂ 8710 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਗੁਰਦਾਸਪੁਰ ਹਲਕੇ ਤੋਂ 29656, ਦੀਨਾਨਗਰ ਤੋਂ 11387, ਕਾਦੀਆਂ ਹਲਕੇ ਤੋਂ 26348, ਬਟਾਲਾ ਹਲਕੇ ਤੋਂ 26255, ਫਤਿਹਗੜ੍ਹ ਚੂੜੀਆਂ ਹਲਕੇ ਤੋਂ 32296 ਅਤੇ ਡੇਰਾ ਬਾਬਾ ਨਾਨਕ ਹਲਕੇ ਤੋਂ 44074 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ।