ਬਠਿੰਡਾ, 9 ਦਸੰਬਰ
ਬਠਿੰਡਾ ਖ਼ਿੱਤੇ ’ਚ ਅਕਾਲੀ-ਭਾਜਪਾ ਵਰਕਰਾਂ ਨੇ ਜਰਨੈਲੀ ਸੜਕਾਂ ’ਤੇ ਧਰਨੇ ਮਾਰ ਕੇ ਆਵਾਜਾਈ ਰੋਕੀ। ਜ਼ਿਲ੍ਹੇ ’ਚ ਕਰੀਬ ਅੱਧੀ ਦਰਜਨ ਥਾਂਵਾਂ ’ਤੇ ਅਕਾਲੀਆਂ ਨੇ ਧਰਨੇ ਲਾਏ ਜੋ ਸ਼ਾਮ ਨੂੰ ਖਤਮ ਕਰ ਦਿੱਤੇ। ਦਸ ਵਰ੍ਹਿਆਂ ਮਗਰੋਂ ਅੱਜ ਅਕਾਲੀ-ਭਾਜਪਾ ਆਗੂ ਤੇ ਵਰਕਰ ਸੜਕਾਂ ’ਤੇ ਦੇਖੇ ਗਏ ਜਿਨ੍ਹਾਂ ਦੇ ਧਰਨਿਆਂ ਕਾਰਨ ਪੁਲੀਸ ਨੇ ਟਰੈਫ਼ਿਕ ਨੂੰ ਹੋਰ ਰਸਤਿਆਂ ਰਾਹੀਂ ਭੇਜਿਆ। ਬਠਿੰਡਾ ਦੇ ਓਵਰਬਰਿੱਜ ਤੇ ਜੱਸੀ ਚੌਕ ’ਚ ਲੱਗੇ ਧਰਨੇ ’ਚ ਵਰਕਰਾਂ ਦੀ ਗਿਣਤੀ ਪ੍ਰਭਾਵ ਨਹੀਂ ਪਾ ਸਕੀ। ਫਿਰੋਜ਼ਪੁਰ ਜ਼ਿਲ੍ਹੇ ’ਚ ਅਕਾਲੀ ਆਗੂਆਂ ’ਤੇ ਹੋਏ ਹਮਲਿਆਂ ਨੂੰ ਲੈ ਕੇ ਅਕਾਲੀ ਦਲ ਨੇ ਅੱਜ ਇਹ ਧਰਨੇ ਲਾਏ ਸਨ।
ਬਠਿੰਡਾ ਸ਼ਹਿਰੀ ਹਲਕੇ ਵੱਲੋਂ ਅੱਜ ਦੁਪਹਿਰ ਮਗਰੋਂ ਕਰੀਬ ਚਾਰ ਵਜੇ ਬਠਿੰਡਾ ਮਾਨਸਾ ਓਵਰਬਰਿੱਜ ’ਤੇ ਧਰਨਾ ਲਾਇਆ ਗਿਆ ਜਿਸ ਵਾਸਤੇ ਵਰਕਰਾਂ ਨੂੰ ਇਕੱਠੇ ਕਰਨ ਲਈ ਕਾਫ਼ੀ ਤਰੱਦਦ ਕਰਨਾ ਪਿਆ। ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਸਿੰਗਲਾ ਨੇ ਅਗਵਾਈ ਕੀਤੀ। ਧਰਨੇ ਕਾਰਨ ਬਠਿੰਡਾ-ਮਾਨਸਾ ਤੇ ਬਠਿੰਡਾ ਡਬਵਾਲੀ ਆਵਾਜਾਈ ਨੂੰ ਬਦਲਣਾ ਪਿਆ। ਧਰਨਿਆਂ ਕਾਰਨ ਅੱਜ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਦਿਹਾਤੀ ਹਲਕੇ ਵੱਲੋਂ ਹਲਕਾ ਇੰਚਾਰਜ ਅਮਿਤ ਰਤਨ ਤੇ ਦਰਸ਼ਨ ਕੋਟਫੱਤਾ ਦੀ ਅਗਵਾਈ ’ਚ ਜੱਸੀ ਚੌਕ ’ਚ ਧਰਨਾ ਲਾਇਆ ਗਿਆ।     ਧਰਨਿਆਂ ’ਚ ਅੱਜ ਅਕਾਲੀ-ਭਾਜਪਾ ਦਾ ਆਪਸੀ ਪ੍ਰੇਮ ਵੀ ਵੇਖਣ ਨੂੰ ਮਿਲਿਆ।
ਹਲਕਾ ਭੁੱਚੋ ਤਰਫ਼ੋਂ ਗੋਨਿਆਣਾ ਵਿਖੇ ਧਰਨਾ ਦਿੱਤਾ ਗਿਆ ਜਿਥੇ ਭਾਜਪਾ ਆਗੂ ਦਿਆਲ ਸਿੰਘ ਸੋਢੀ,ਨਗਰ ਕੌਂਸਲ ਗੋਨਿਆਣਾ ਦੇ ਪ੍ਰਧਾਨ ਪ੍ਰੇਮ ਕੁਮਾਰ ਪ੍ਰੇਮਾ, ਸਵਰਨ ਸਿੰਘ ਅਕਲੀਆ ਤੇ ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ ਨੇ ਅਗਵਾਈ ਕੀਤੀ। ਤਲਵੰਡੀ ਸਾਬੋ ’ਚ ਥਾਣੇ ਅੱਗੇ ਧਰਨਾ ਦਿੱਤਾ ਗਿਆ।     ਆਗੂਆਂ ਨੇ ਆਖਿਆ ਕਿ ਪੰਜਾਬ ’ਚ ਨੌ ਮਹੀਨਿਆਂ ’ਚ ਹੀ ਐਮਰਜੈਂਸੀ ਵਰਗੀ ਸਥਿਤੀ ਬਣ ਗਈ ਹੈ ਜਿਸ ਦਾ ਅਕਾਲੀ ਦਲ ਦੇ ਜੁਝਾਰੂ ਵਰਕਰ ਤਕੜੇ ਹੋ ਕੇ ਕਰਨਗੇ।
ਰਾਮਪੁਰਾ ਫੂਲ (ਪੱਤਰ ਪ੍ਰੇਰਕ): ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਰਹੀ ਖਿੱਚੋ-ਤਾਣ ਦੌਰਾਨ ਅਕਾਲੀ ਵਰਕਰਾਂ ’ਤੇ ਦਰਜ ਕੀਤੇ ਪਰਚਿਆਂ ਖ਼ਿਲਾਫ਼ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਤੇ ਭਾਜਪਾ ਵਰਕਰਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ’ਚ ਬਠੰਡਾ-ਚੰਡੀਗੜ ਮੁੱਖ ਮਾਰਗ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਨੇੜੇ ਅਣਮਿਥੇ ਸਮੇਂ ਲਈ ਧਰਨਾ ਦੇ ਕੇ ਆਵਾਜਾਈ ਨੂੰ ਠੱਪ ਕੀਤਾ ਗਿਆ। ਇਸ ਮੌਕੇ ਸ੍ਰੀ ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਦੂਜੀਆਂ ਪਾਰਟੀਆਂ ਨੂੰ ਚੋਣਾਂ ’ਚ ਹਿੱਸਾ ਲੈਣ ਤੋਂ ਰੋਕਣਾ ਲੋਕਤੰਤਰ ਦਾ ਘਾਣ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆ ਗਈ ਪਰ ਇਸ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਅਕਾਲੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ।