ਓਨਟਾਰੀਓ — ਕੈਫੀਨ ਵਾਲੇ ਐਨਰਜੀ ਡਰਿੰਕਸ ਬੱਚਿਆਂ ਲਈ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਤੇ ਇਹ ਐਨੇ ਮਿੱਠੇ ਹਨ ਕਿ ਇਨ੍ਹਾਂ ਤੋਂ ਭੁਰੇਜ਼ ਹੀ ਕਰਨਾ ਚਾਹੀਦਾ ਹੈ। ਇਹ ਕੈਨੇਡੀਅਨ ਪੈਡੀਐਟ੍ਰਿਕ ਸੁਸਾਇਟੀ ਦਾ ਕਹਿਣਾ ਹੈ।
ਚਿਲਡਰਨਜ ਹਾਸਪਿਟਲ ਆਫ ਈਸਟਰਨ ਓਨਟਾਰੀਓ ਦੀ ਪੈਡੇਟੀਸ਼ਰੀਅਨ ਤੇ ਇਹ ਬਿਆਨ ਦੇਣ ਵਾਲੀ ਡਾ. ਕੈਥਰੀਨ ਪਾਊਂਡ ਦਾ ਕਹਿਣਾ ਹੈ ਕਿ ਉਸ ਦੇ ਗਰੁੱਪ ਨੇ ਇਹ ਅਧਿਐਨ ਕੀਤਾ ਹੈ ਕਿ ਸਪੋਰਟਸ ਤੇ ਐਨਰਜੀ ਡਰਿੰਕਸ ਵੱਡੀ ਪੱਧਰ ‘ਤੇ ਉਪਲਬਧ ਹਨ ਤੇ ਬੱਚੇ ਅਤੇ ਟੀਨੇਜਰ ਇਨ੍ਹਾਂ ਦੀ ਵਰਤੋਂ ਜਿਆਦਾਤਰ ਕਰਦੇ ਹਨ।
ਡਾ. ਪਾਊਂਡ ਨੇ ਦੱਸਿਆ ਕਿ ਅਸੀਂ ਬੱਚਿਆਂ ਦੇ ਮਾਹਿਰ ਡਾਕਟਰਾਂ ਤੇ ਹੋਰਨਾਂ ਡਾਕਟਰਾਂ ਦੇ ਨਾਲ ਨਾਲ ਜਨਤਾ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਦੋ ਤਰ੍ਹਾਂ ਦੇ ਤਰਲ ਪਦਾਰਥਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਖਤਰੇ ਜੁੜੇ ਹੋਏ ਹਨ। ਜਦੋਂ ਗੱਲ ਸਪੋਰਟਸ ਡਰਿੰਕਸ ਦੀ ਆਉਂਦੀ ਹੈ ਤਾਂ ਭਾਵੇਂ ਖੇਡਾਂ ਦੌਰਾਨ ਉਨ੍ਹਾਂ ਨੂੰ ਰੀਹਾਈਡਰੇਸਨ ਦੀ ਅਹਿਮ ਸਰੋਤ ਮੰਨਿਆ ਜਾਂਦਾ ਹੈ ਪਰ ਬਹੁਤੇ ਬੱਚਿਆਂ ਨੂੰ ਹਕੀਕਤ ਵਿੱਚ ਇਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ।
ਉਨ੍ਹਾਂ ਆਖਿਆ ਕਿ ਚੀਨੀ ਵਾਲੇ ਅਜਿਹੇ ਪੇਅ ਪਦਾਰਥਾਂ ਨਾਲੋਂ ਪਾਣੀ ਕਿਤੇ ਜਿਆਦਾ ਚੰਗੀ ਤਰ੍ਹਾਂ ਸਰੀਰ ਵਿੱਚ ਖਪਦਾ ਹੈ ਤੇ ਇਸ ਨਾਲ ਕੋਈ ਦਿੱਕਤ ਵੀ ਨਹੀਂ ਹੁੰਦੀ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਪਾਣੀ ਹੁੰਦਾ ਵੀ ਸੂਗਰ ਫਰੀ ਹੈ। ਉਨ੍ਹਾਂ ਆਖਿਆ ਕਿ ਹੁਣ ਜਦੋਂ ਮੋਟਾਪੇ ਦੀ ਸਮੱਸਿਆ ਤੇ ਵੱਧ ਭਾਰ ਦੀ ਸਮੱਸਿਆ ਕਾਫੀ ਵੱਧ ਚੁੱਕੀ ਹੈ ਤਾਂ ਇਹ ਚੇਤੇ ਰੱਖਣਾ ਹੋਰ ਵੀ ਜਰੂਰੀ ਹੈ ਕਿ ਇਸ ਤਰ੍ਹਾਂ ਦੇ ਡਰਿੰਕਜ ਅਜਿਹੀਆਂ ਸਮੱਸਿਆਵਾਂ ਵਿੱਚ ਵਾਧਾ ਹੀ ਕਰਦੇ ਹਨ।
ਐਨਰਜੀ ਡਰਿੰਕਸ ਵਿੱਚ ਪਾਈ ਜਾਣ ਵਾਲੀ ਕੈਫੀਨ ਵੀ ਬੱਚਿਆਂ ਲਈ ਸੁਰੱਖਿਅਤ ਨਹੀਂ ਹੁੰਦੀ। ਬੱਚਿਆਂ ਦੇ ਸਰੀਰ ਛੋਟੇ ਹੁੰਦੇ ਹਨ ਅਤੇ ਉਹ ਭਾਰੀ ਮਾਤਰਾ ‘ਚ ਕੈਫੀਨ ਬਰਦਾਸਤ ਨਹੀਂ ਕਰ ਸਕਦੇ। ਇਸ ਕਾਰਨ ਉਨ੍ਹਾਂ ਉੱਤੇ ਖਤਰਨਾਕ ਪ੍ਰਭਾਵ ਵੀ ਪੈ ਸਕਦੇ ਹਨ।