ਚੰਡੀਗੜ੍ਹ, 12 ਦਸੰਬਰ
ਕੈਪਟਨ ਸਰਕਾਰ ਨੇ ਅਕਾਲੀ ਆਗੂਆਂ ਤੇ ਵਰਕਰਾਂ ਵਿਰੁੱਧ ਪਿਛਲੇ ਦਿਨੀਂ ਕੌਮੀ ਸ਼ਾਹਰਾਹ ਜਾਮ ਕਰਨ ਵਿਰੁੱਧ ਦਰਜ ਕੀਤੇ ਕੇਸਾਂ ਦੇ ਮਾਮਲੇ ’ਚ ਹੌਲੀ ਚਲਣ ਅਤੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਪੁਲੀਸ ਕੇਸ ਦੀ ਜਾਂਚ ਕਰ ਰਹੀ ਹੈ। ਤਫਤੀਸ਼ ਪੂਰੀ ਹੋਣ ਤੋਂ ਬਾਅਦ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਦਾਲਤ ਦੇ ਹੁਕਮਾਂ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੂਤਰਾਂ ਅਨੁਸਾਰ ਕੈਪਟਨ ਸਰਕਾਰ ਦਰਜ ਕੀਤੇ ਕੇਸਾਂ ਵਿੱਚ ਅਕਾਲੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਹੀਰੋ ਨਹੀਂ ਬਣਾਉਣਾ ਚਾਹੁੰਦੀ ਤੇ ਇਸ ਮੁੱਦੇ ’ਤੇ ਅਦਾਲਤ ਦੇ ਹੁਕਮਾਂ ’ਤੇ ਹੀ ਕਾਰਵਾਈ ਕਰਨ ਦੇ ਹੱਕ ਵਿੱਚ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਕੇਸਾਂ ਦੀ ਤਫਤੀਸ਼ ਚੱਲ ਰਹੀ ਹੈ ਤੇ ਉਸ ਦੇ ਪੂਰਾ ਹੋਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪਰ ਉਨ੍ਹਾਂ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਜਾਂਚ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਮਿਉਂਸਿਪਲ ਕਮੇਟੀਆਂ ਤੇ ਨਗਰ ਨਿਗਮਾਂ ਦੀਆਂ ਚੋਣਾਂ ’ਚ ਕੁਝ ਥਾਵਾਂ ’ਤੇ ਨਾਮਜ਼ਦਗੀਆਂ ਰੱਦ ਕਰਨ ਤੇ ਨਾਮਜ਼ਦਗੀਆਂ ਦਾਖਲ ਕਰਨ ਵਿੱਚ ਰੁਕਾਵਟਾਂ ਪਾਉਣ ਦੇ ਵਿਰੋਧ ਵਿਚ ਸੱਤ ਦਸੰਬਰ ਨੂੰ ਕੌਮੀ ਸ਼ਾਹਰਾਹ ’ਤੇ ਧਰਨੇ ਦਿੱਤੇ ਸਨ ਤੇ ਟਰੈਫਿਕ ਜਾਮ ਕੀਤਾ ਸੀ, ਜਿਸ ਕਾਰਨ ਕਾਫੀ ਇਲਾਕਿਆਂ ਵਿਚ ਆਵਾਜਾਈ ਠੱਪ ਹੋ ਗਈ ਸੀ  ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਾਹਰਾਹ ਰੋਕਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ ਤੇ ਸਰਕਾਰ ਨੂੰ ਤੁਰੰਤ ਜਾਮ ਖੁਲ੍ਹਵਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਅਕਾਲੀ ਦਲ ਨੇ ਧਰਨੇ ਚੁੱਕ ਲਏ ਸਨ ਤੇ ਜਾਮ ਖੋਲ੍ਹ ਦਿੱਤੇ ਸਨ।
ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਸਾਬਕਾ ਮੰਤਰੀ ਬਿਕਰਮ ਮਜੀਠਿਆ, ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਕੁਝ ਸਾਬਕਾ ਮੰਤਰੀਆਂ ਅਤੇ ਅਕਾਲੀ ਵਰਕਰਾਂ ਵਿਰੁੱਧ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤੇ ਸਨ।   ਸੂਬੇ ਭਰ ਵਿਚ ਲਗਪਗ 2100 ਤੋਂ ਵੱਧ ਅਕਾਲੀ ਆਗੂਆਂ ਤੇ ਵਰਕਰਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ।

ਹਾਈਵੇਅ ਨਾ ਰੋਕਣ ਦਾ ਸੰਕਲਪ ਲੈਣ ਦਾ ਸੱਦਾ

ਸੜਕਾਂ ਰੋਕਣ ਦੇ ਮੁੱਦੇ ’ਤੇ ਅਕਾਲੀਆਂ ਨੂੰ ਲੰਮੇਂ ਹੱਥੀਂ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਹਾਈਵੇ ਨਾ ਰੋਕਣ ਦਾ ਸੰਕਲਪ ਲੈਣ ਅਤੇ ਵਿਰੋਧ ਕਰਨ ਦੇ ਹੋਰ ਢੰਗ-ਤਰੀਕੇ ਲੱਭਣ। ਮੁੱਖ ਮੰਤਰੀ ਨੇ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਿਸੇ ਨੂੰ ਵੀ ਕਾਨੂੰਨ ਤੋੜਨ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਉਸਦਾ ਸਿੱਟਾ ਭੁਗਤਣਾ ਪਵੇਗਾ। ਕੈਪਟਨ ਨੇ ਕਿਹਾ ਕਿ ਅਕਾਲੀਆਂ ਦੇ ਧਰਨਿਆਂ ਦੇ ਨਤੀਜੇ ਵਜੋਂ ਲੱਖਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਧਰਨੇ ਇਕ ਨੌਟੰਕੀ ਤੋਂ ਵੱਧ ਹੋਰ ਕੁਝ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਸੜਕਾਂ ਜਾਮ ਕੀਤੇ ਜਾਣ ਕਰਕੇ ਫੌਜੀ ਕਾਫਲੇ ਆਪਣੀ ਜ਼ਰੂਰੀ ਸਪਲਾਈ ਨੂੰ ਫੌਜੀਆਂ ਤੱਕ ਨਹੀਂ ਪਹੁੰਚਾ ਸਕੇ ਜੋ ਕਿ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਕਰ ਰਹੇ ਸਨ।