ਚੰਡੀਗੜ੍ਹ, 23 ਸਤੰਬਰ:
       ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਦੇ ਸ਼ੱਕੀ ਕਤਲ ਦੀ ਜਾਂਚ ਕਰਨ ਲਈ ਆਈ.ਜੀ (ਅਪਰਾਧ) ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ।
       ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਮੁਹਾਲੀ ਵਿਖੇ ਫੇਜ਼ 3 ਬੀ 2 ਵਿੱਚ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਨਾਮਾਲੂਮ ਮਕਸਦ ਲਈ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਚੰਡੀਗੜ੍ਹ ਵਿੱਚ ‘ਇੰਡੀਅਨ ਐਕਸਪ੍ਰੈਸ’, ‘ਦਾ ਟ੍ਰਿਬਿਊਨ’ ਅਤੇ ‘ਦਾ ਟਾਇਮਜ਼ ਆਫ ਇੰਡੀਆ’ ਦੇ ਸਾਬਕਾ ਨਿਊਜ਼ ਐਡੀਟਰ ਸ੍ਰੀ ਕੇ.ਜੇ. ਸਿੰਘ ਦੇ ਗਲ਼ ‘ਤੇ ਕੱਟ ਦਾ ਨਿਸ਼ਾਨ ਮਿਲਿਆ ਜਦਕਿ ਉਨ੍ਹਾਂ ਦੀ ਮਾਤਾ ਨੂੰ ਗਲਾ ਘੁੱਟ ਕੇ ਮਾਰ ਦੇਣ ਦਾ ਸ਼ੱਕ ਹੈ।
       ਇਸ ਅਪਰਾਧਿਕ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਇਸ ਕੇਸ ਦੀ ਵਿਸਥਾਰਤ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਲਈ ਆਖਿਆ। ਇਸ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈ. ਜੀ. (ਅਪਰਾਧ) ਨੂੰ ਜਾਂਚ ਦੌਰਾਨ ਹਰੇਕ ਪਹਿਲੂ ਨੂੰ ਘੋਖਣ ਅਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਛੇਤੀ ਤੋਂ ਛੇਤੀ ਕਾਬੂ ਕਰਨ ਲਈ ਆਖਿਆ।
       ਇਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਪੁਲਿਸ ਨੂੰ ਇਲਾਕੇ ਵਿੱਚ ਸੁਰੱਖਿਆ ਵਧਾਉਣ ਅਤੇ ਸੂਬੇ ਦੇ ਆਮ ਨਾਗਰਿਕਾਂ ਦੀ ਹਿਫਾਜ਼ਤ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਪੰਜਾਬ ਵਿੱਚ ਹਰ ਕੀਮਤ ‘ਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।